ਨਸ਼ੇ ਉੱਤੇ ਨੱਥ ਪਾਉਣ ਦੀ ਕੀਤੀ ਮੰਗ ਬਠਿੰਡਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਕਮੇਟੀ ਦੇ ਸੱਦੇ ਤਹਿਤ ਜ਼ਿਲ੍ਹਾ ਬਠਿੰਡਾ ਵੱਲੋਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਵਿੱਚ ਨਸ਼ਿਆਂ ਖ਼ਿਲਾਫ਼ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਮੁੱਖ ਮੰਤਰੀ ਨੂੰ ਡਿਪਟੀ ਕਮਿਸ਼ਨਰ ਬਠਿੰਡਾ (Deputy Commissioner Bathinda) ਰਾਹੀਂ ਮੰਗ ਪੱਤਰ ਭੇਜਿਆ ਗਿਆ। ਮੰਗ ਪੱਤਰ ਰਾਹੀਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਚਿੱਟੇ ਅਤੇ ਹੋਰ ਨਸ਼ਿਆਂ ਦੀ ਪੈਦਾਵਾਰ, ਵਪਾਰ ਅਤੇ ਘਰ-ਘਰ ਵੰਡ-ਵੰਡਾਈ ਨੂੰ ਅਣ-ਐਲਾਨੀ ਪ੍ਰਵਾਨਗੀ ਦੇਣ ਅਤੇ ਸੁਰੱਖਿਅਤ ਰੱਖਣ ਵਾਲੀ ਨੀਤੀ ਦਾ ਤਿਆਗ ਕਰੇ।
ਸਖ਼ਤ ਸਜ਼ਾਵਾਂ ਦਿੱਤੀਆਂ ਜਾਣ: ਕਿਸਾਨਾਂ ਨੇ ਅੱਗੇ ਮੰਗ ਕੀਤੀ ਕਿ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਨਸ਼ਾ ਵਿਰੋਧੀ ਮੁਹਿੰਮ (Drugs in Punjab) ਨੂੰ ਤੁਰੰਤ ਹੱਥ ਲਿਆ ਜਾਵੇ,ਚਿੱਟੇ ਦੇ ਵਪਾਰ ਵਿੱਚ ਸ਼ਾਮਲ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ, ਉੱਚ ਅਫਸਰਸ਼ਾਹੀ, ਉੱਘੇ ਸਿਆਸਤਦਾਨਾਂ ਅਤੇ ਵੱਡੇ ਸਮਗਲਰਾਂ ਨੂੰ ਫੜ੍ਹ ਕੇ ਨਸ਼ਰ ਕੀਤਾ ਜਾਵੇ ਅਤੇ ਸਖ਼ਤ ਸਜਾਵਾਂ ਦਿੱਤੀਆਂ ਜਾਣ। ਪਿਛਲੇ ਸਾਲਾਂ ਦੀਆਂ ਪੁੱਛ-ਪੜਤਾਲਾਂ ਦੌਰਾਨ ਨਸ਼ਰ ਹੋਈਆਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਲੀਆਂ ਨਸ਼ਾਂ ਫੈਕਟਰੀਆਂ ਦੇ ਕੇਸਾਂ ਦੀ ਪੈਰਵੀ ਕਰਕੇ ਮਾਲਕਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਹੋਰ ਨਸ਼ਾ ਫੈਕਟਰੀਆਂ ਦੇ ਮਾਲਕਾਂ ਅਤੇ ਉਹਨਾਂ ਦੀ ਵੰਡ-ਵੰਡਾਈ ਕਰਨ ਵਾਲੇ ਢਾਂਚੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਇਸ ਨੂੰ ਤਬਾਹ ਕੀਤਾ ਜਾਵੇ।
ਉਨ੍ਹਾਂ ਅੱਗੇ ਮੰਗ ਰੱਖਦਿਆਂ ਕਿਹਾ ਕਿ ਚਿੱਟੇ ਦੀ ਪੈਦਾਵਾਰ ਅਤੇ ਵਪਾਰ ਕਰਨ ਵਾਲੇ ਪ੍ਰਮੁੱਖ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਨਵਾਂ ਕਾਨੂੰਨ ਪਾਸ ਕਰਕੇ ਇਸ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਸਰਕਾਰ ਵੱਲੋਂ ਨਸ਼ਾ-ਛੁਡਾਊ ਕੇਂਦਰਾਂ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ। ਉੱਚ-ਪੱਧਰੀ ਮੈਡੀਕਲ ਇਲਾਜ (March Against Drugs) ਅਤੇ ਮਨੋਵਿਗਿਆਨਕ ਇਲਾਜ ਕਰਨ ਵਾਲੇ ਮਾਹਰਾਂ ਦੀਆਂ ਸੇਵਾਵਾਂ ਹਰ ਇੱਕ ਕੇਂਦਰ ਵਿਚ ਮੁਹੱਈਆ ਕੀਤੀਆਂ ਜਾਣ। ਨਸ਼ਾ-ਪੀੜਤਾਂ ਦੇ ਮੁੜ-ਵਸੇਬੇ ਲਈ ਢੁੱਕਵੇਂ ਨੀਤੀ ਕਦਮਾਂ ਨੂੰ ਤਹਿ ਕੀਤਾ ਜਾਵੇ, ਉਨ੍ਹਾਂ ਦੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਅਤੇ ਅਮਲ ਵਿੱਚ ਲਿਆਂਦਾ ਜਾਵੇ। ਸ਼ਰਾਬ ਦੇ ਠੇਕਿਆਂ ਦਾ ਪਸਾਰ ਕਰਨ ਅਤੇ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਨੀਤੀ ਦਾ ਤਿਆਗ ਕੀਤਾ ਜਾਵੇ। ਪਿੰਡ ਦੀ ਅਤੇ ਸ਼ਹਿਰ ਦੀ ਆਬਾਦੀ ਦਾ ਮਤਾ ਪਾਸ ਹੋ ਜਾਣ ਵਾਲੀ ਥਾਂ ਤੋਂ ਸ਼ਰਾਬ ਦਾ ਠੇਕਾ ਖਤਮ ਕੀਤਾ ਜਾਵੇ।
ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨਾ: ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਵੱਲੋਂ ਹੁਕਮਰਾਨਾਂ ਅਤੇ ਪੁਲਿਸ ਦੇ ਸਹਿਯੋਗ ਨਾਲ ਇਸ ਨਸ਼ਿਆਂ ਦੇ ਵਪਾਰ ਵਿੱਚ ਕਰੋੜਾਂ ਦੀ ਕਮਾਈ ਕੀਤੀ ਜਾ ਰਹੀ ਹੈ। ਨਸ਼ੇ ਨਾਲ ਪੰਜਾਬ ਅਤੇ ਦੇਸ਼ ਦੀ ਜਵਾਨੀ ਤੋਂ ਇਲਾਵਾ ਲੋਕਾਂ ਦੀ ਆਰਥਿਕਤਾ ਨੂੰ ਤਬਾਹ ਕੀਤਾ ਜਾ ਰਿਹਾ ਹੈ। ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨ ਲੁੱਟਾ ਖੋਹਾਂ ਅਤੇ ਕਤਲਾਂ ਵਰਗੇ ਘਿਨੌਣੇ ਅਪਰਾਧ ਕਰ ਰਹੇ ਹਨ। ਉਹਨਾਂ ਕਿਹਾ ਕਿ ਜਾਨਲੇਵਾ ਨਸ਼ਿਆਂ ਦਾ ਕਾਰੋਬਾਰ ਪੂਰੀ ਤਰ੍ਹਾਂ ਬੰਦ ਕਰਾਉਣ ਲਈ ਲੋਕਾਂ ਦੇ ਭਰਪੂਰ ਸਹਿਯੋਗ, ਏਕੇ ਅਤੇ ਸੰਘਰਸ਼ ਦੀ ਲੋੜ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਨਸ਼ਾ ਵਿਰੋਧੀ ਜਾਗਰੁਕਤਾ ਮੁਹਿੰਮ ਦੇ ਅਗਲੇ ਪੜਾਅ ਵਿੱਚ ਇੱਕ ਮਹੀਨਾ "ਪਿੰਡਾਂ ਨੂੰ ਜਗਾਓ, ਪਿੰਡਾਂ ਨੂੰ ਹਿਲਾ ਦਿਓ" ਪਿੰਡਾਂ ਵਿੱਚ ਮੁਹਿੰਮ ਜਾਰੀ ਰਹੇਗੀ। ਅਕਤੂਬਰ ਦੇ ਪਹਿਲੇ ਹਫਤੇ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਨੌਜਵਾਨਾਂ ਦੀਆਂ ਫੋਟੋਆਂ ਨਾਲ ਪਿੰਡਾਂ ਵਿੱਚ ਮੁਜ਼ਾਹਰੇ ਕੀਤੇ ਜਾਣਗੇ। ਉਹਨਾਂ ਐਲਾਨ ਕੀਤਾ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਬੰਦ ਕਰਾਉਣ ਲਈ 10 ਅਕਤੂਬਰ ਨੂੰ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਦੇਣਗੇ ।