ਬਠਿੰਡਾ: ਕਿਸਾਨ ਅੰਦੋਲਨ ਵਿੱਚ ਸ਼ਾਮਲ ਬੱਤੀ ਕਿਸਾਨ ਜੱਥੇਬੰਦੀਆਂ ਵਿੱਚੋਂ ਕੁਝ ਜਥੇਬੰਦੀਆਂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਪਣਾ ਸਿਆਸੀ ਮੰਚ ਸੰਯੁਕਤ ਸਮਾਜ ਮੋਰਚੇ ਅਧੀਨ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਬਾਕੀ ਕਿਸਾਨ ਜਥੇਬੰਦੀਆਂ ਵੱਲੋਂ ਇਨ੍ਹਾਂ ਦਾ ਸਾਥ ਦੇਣ ਤੋਂ ਇਨਕਾਰ ਕਰਦਿਆਂ ਇਨ੍ਹਾਂ ਦਾ ਜ਼ਬਰਦਸਤ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ।
ਸੰਯੁਕਤ ਸਮਾਜ ਮੋਰਚਾ 'ਤੇ ਵਰ੍ਹਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਰੇਸ਼ਮ ਸਿੰਘ ਯਾਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਕੋਈ ਵੀ ਜਥੇਬੰਦੀ ਨਾਲ ਸਬੰਧਤ ਵਿਅਕਤੀ ਸਿਆਸੀ ਗਤੀਵਿਧੀਆਂ ਵਿੱਚ ਭਾਗ ਨਹੀਂ ਲਵੇਗਾ। ਉਨ੍ਹਾਂ ਕਿਹਾ ਕਿ ਬਲਬੀਰ ਰਾਜੇਵਾਲ ਵੱਲੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚੇ ਨੂੰ ਦੋਫਾੜ ਕਰ ਕੇ ਖੜੇ ਕੀਤੇ ਗਏ ਸੰਯੁਕਤ ਸਮਾਜ ਮੋਰਚੇ ਨੂੰ ਸਿਆਸੀ ਲਾਹੇ ਵਜੋਂ ਵਰਤਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਰਾਜੇਵਾਲ ਦੀ ਪਹਿਲਾਂ ਵੀ ਕਿਸਾਨ ਅੰਦੋਲਨ ਦੌਰਾਨ ਭੂਮਿਕਾ ਸ਼ਕੀ ਰਹੀ ਕਿਉਂਕਿ ਇਨ੍ਹਾਂ ਵੱਲੋਂ ਚੋਰੀ ਛਿਪੇ ਕੇਂਦਰ ਸਰਕਾਰ ਨੂੰ ਚਿੱਠੀਆਂ ਲਿਖੀਆਂ ਗਈਆਂ ਸਨ। ਜਿਸ ਬਾਰੇ ਕਿਸਾਨ ਜਥੇਬੰਦੀਆਂ ਨੂੰ ਨਹੀਂ ਦੱਸਿਆ ਗਿਆ ਸੀ ਅਤੇ ਸਮੇਂ-ਸਮੇਂ ਦੌਰਾਨ ਕਿਸਾਨ ਅੰਦੋਲਨ 'ਚ ਹੀ ਇਨ੍ਹਾਂ ਵੱਲੋਂ ਬਿਨਾਂ ਕਾਨੂੰਨ ਵਾਪਸ ਕਰਵਾਏ ਪੰਜਾਬ ਵਾਪਸ ਮੁੜਨ ਲਈ ਆਖਿਆ ਜਾਂਦਿਆਂ ਰਿਹਾ।