ਬਠਿੰਡਾ: ਕਿਸੇ ਸਮੇਂ ਪੰਜਾਬ ਵਿੱਚ ਕਾਲੇ ਕੱਛੇ ਵਾਲਿਆਂ ਨੂੰ ਫੜਨ ਲਈ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਏ ਜਾਂਦੇ ਸਨ ਪਰ ਹੁਣ ਪੰਜਾਬ ਵਿੱਚ ਵੱਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਪੰਜਾਬ ਦੀ ਨੌਜਵਾਨੀ ਵੱਲੋਂ ਮੁੜ ਤੋਂ ਪਿੰਡਾਂ ਵਿੱਚ ਰਾਤ ਦੇ ਠੀਕਰੀ ਪਹਿਰੇ ਸ਼ੁਰੂ ਕੀਤੇ ਗਏ ਹਨ ਅਤੇ ਪਿੰਡਾਂ ਦੇ ਬਾਹਰ ਨਾਕੇ ਲਗਾ ਕੇ ਆਉਣ ਜਾਣ ਵਾਲੇ ਰਾਹਗੀਰਾਂ ਤੋਂ ਜਿੱਥੇ ਪੁੱਛ ਗਿੱਛ ਕੀਤੀ ਜਾਂਦੀ ਹੈ ਉੱਥੇ ਹੀ ਉਹਨਾਂ ਦੇ ਵਾਹਨਾਂ ਦੀ ਵੀ ਜਾਂਚ ਨੌਜਵਾਨ ਕਰਦੇ ਹਨ। ਨੌਜਵਾਨਾਂ ਵੱਲੋਂ ਵਿੱਢੇ ਗਏ ਇਸ ਉਪਰਾਲੇ ਵਿੱਚ ਜਿੱਥੇ ਪੁਲਿਸ ਵਿਭਾਗ ਵੱਲੋਂ ਸਹਿਯੋਗ ਦੇਣ ਦੀ ਗੱਲ ਆਖੀ ਜਾ ਰਹੀ ਹੈ। ਉੱਥੇ ਹੀ ਰਲ ਮਿਲ ਕੇ ਨਸ਼ਾ ਖਤਮ ਕਰਨ ਲਈ ਨੌਜਵਾਨਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਨ ਦੀ ਨਸੀਹਤ ਵੀ ਦਿੱਤੀ ਜਾ ਰਹੀ ਹੈ।ਨਸ਼ਿਆਂ ਨੂੰ ਰੋਕਣ ਲਈ ਪਿੰਡਾਂ ਵਿੱਚ ਬਣਾਈਆਂ ਗਈਆਂ ਕਮੇਟੀਆਂ ਦੇ ਕੰਮ ਕਾਰ ਦੇ ਤਰੀਕੇ ਨੂੰ ਜਾਨਣ ਲਈ ਜਦੋਂ ਈਟੀਵੀ ਭਾਰਤ ਦੀ ਟੀਮ ਵੱਲੋਂ ਬਠਿੰਡਾ ਤੋਂ 50 ਕਿਲੋਮੀਟਰ ਦੇ ਕਰੀਬ ਪਿੰਡ ਭਾਈ ਰੂਪਾ ਵਿਖੇ ਪਹੁੰਚ ਕੀਤੀ ਗਈ ਤਾਂ ਸਭ ਤੋਂ ਪਹਿਲਾਂ ਪਿੰਡ ਦੀ ਐਂਟਰੀ ਉੱਪਰ ਹੀ ਸਿਆਣੀ ਉਮਰ ਦੇ ਵਿਅਕਤੀ ਵੱਲੋਂ ਗੱਡੀ ਨੂੰ ਹੱਥ ਦਿੱਤਾ ਗਿਆ ਅਤੇ ਸਤਿਕਾਰ ਸਹਿਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਕਾ ਜੀ ਕਿੱਥੇ ਆਏ ਹੋ, ਕਿੱਥੇ ਜਾਣਾ ਜਦੋਂ ਉਨ੍ਹਾਂ ਨਾਲ ਪੱਤਰਕਾਰਾਂ ਵੱਲੋਂ ਸਵਾਲ-ਜਵਾਬ ਕੀਤੇ ਗਏ ਤਾਂ ਉਨ੍ਹਾਂ ਕਿਹਾ ਕਿ ਉਹ ਨਸ਼ਾ ਕਮੇਟੀ ਦੇ ਮੈਂਬਰ ਹਨ ਅਤੇ ਨੌਜਵਾਨਾਂ ਨਾਲ ਰਾਤ ਨੂੰ ਨਾਕੇ ਲਗਾ ਕੇ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਲਈ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।
ਕਮੇਟੀ ਮੈਂਬਰਾਂ ਨੇ ਕੀ ਕਿਹਾ:ਭਾਈ ਰੂਪਾ ਦੇ ਨੌਜਵਾਨ ਕਮੇਟੀ ਮੈਂਬਰ ਬਲਕਾਰ ਸਿੰਘ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਦੂਸਰੇ ਇਲਾਕਿਆਂ ਦੇ ਨੌਜਵਾਨਾਂ ਦੀ ਮੌਤ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ। ਆਏ ਦਿਨ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਤੋਂ ਦੋ ਪਿੰਡਾਂ ਦੇ ਨੌਜਵਾਨ ਸਹਿਮ ਗਏ ਸਨ । ਮੌਤਾਂ ਦੇ ਇਸ ਸਿਲਸਿਲੇ ਨੂੰ ਰੋਕਣ ਲਈ ਪਿੰਡ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਅਸੀਂ ਵੱਡੇ ਪੱਧਰ 'ਤੇ ਨਸ਼ਿਆਂ ਖਿਲਾਫ਼ ਮੁਹਿੰਮ ਵਿੱਢਾਂਗੇ ਅਤੇ ਨਸ਼ੇ ਦੇ ਕਾਰੋਬਾਰੀਆਂ ਨੂੰ ਫੜਣ ਲਈ ਰਾਤ ਦੇ ਨਾਕੇ ਲਗਾਉਣੇ ਸ਼ੁਰੂ ਕੀਤੇ ਹਨ। ਇਸੇ ਲੜੀ ਤਹਿਤ ਪਿੰਡ ਭਾਈ ਰੂਪਾ ਵਿਖੇ ਨਸ਼ਾ ਰੋਕੂ ਕਮੇਟੀ ਦਾ ਗਠਨ ਕੀਤਾ ਗਿਆ।