ਬਠਿੰਡਾ: 26 ਜਨਵਰੀ ਦਿਹਾੜੇ ਮੌਕੇ ਬਠਿੰਡਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸੁਰੱਖਿਆ ਦੇ ਮੱਦੇਨਜ਼ਰ ਬੁੱਧਵਾਰ ਨੂੰ ਬਠਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਅਜੀਤ ਰੋਡ ਉੱਤੇ ਸਥਿਤ ਹੈ ਪੇਇੰਗ ਗੈਸਟ ਹਾਊਸ ਦੀ ਵੱਡੀ ਪੱਧਰ ਉੱਤੇ ਜਾਂਚ ਕੀਤੀ ਗਈ। ਦਿਨ ਚੜ੍ਹਨ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਇਨ੍ਹਾਂ ਪੇਇੰਗ ਗੈਸਟ ਹਾਊਸ (PGs) ਵਿੱਚ ਦਬਿਸ਼ ਦਿੱਤੀ ਗਈ।
26 ਜਨਵਰੀ ਦੇ ਮੱਦੇਨਜ਼ਰ ਚੈਕਿੰਗ:ਦੋ ਡੀਐਸਪੀ ਅਤੇ ਤਿੰਨ ਥਾਣਿਆਂ ਦੇ ਐੱਸਐੱਚਓ ਦੀ ਅਗਵਾਈ ਵਿੱਚ ਵੱਡੀ ਗਿਣਤੀ 'ਚ ਪਹੁੰਚੇ ਪੁਲਿਸ ਕਰਮਚਾਰੀਆਂ ਵੱਲੋਂ ਇਨ੍ਹਾਂ ਪੀਜੀ ਵਿੱਚ ਰਹਿ ਰਹੇ ਮੁੰਡੇ ਅਤੇ ਕੁੜੀਆਂ ਦੀ ਵੈਰੀਫਿਕੇਸ਼ਨ ਕੀਤੀ ਗਈ। ਇਸ ਮੌਕੇ ਡੀਐਸਪੀ ਹੀਨਾ ਗੁਪਤਾ ਨੇ ਦੱਸਿਆ ਕਿ ਛੱਬੀ ਜਨਵਰੀ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉੱਥੇ ਹੀ, ਉਨ੍ਹਾਂ ਵੱਲੋਂ ਇਨ੍ਹਾਂ ਪੀਜੀ ਵਿੱਚ ਰਹਿ ਰਹੇ ਮੁੰਡੇ ਤੇ ਕੁੜੀਆਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ, ਤਾਂ ਜੋ ਕਿਸੇ ਕਿਸਮ ਦੇ ਅਪਰਾਧਿਕ ਪ੍ਰਵਿਰਤੀ ਵਾਲੇ ਵਿਅਕਤੀ ਇੱਥੇ ਪਨਾਹ ਨਾ ਲੈ ਸਕਣ।