ਬਠਿੰਡਾ:ਪੰਜਾਬ ਦੇ ਨਾਲ ਗੁਆਂਢੀ ਮੁਲਕ ਪਾਕਿਸਤਾਨ ਦੀਆਂ ਸਰਹੱਦਾਂ ਲੱਗਦੀਆਂ ਹੋਣ ਕਾਰਨ ਕਈ ਵਾਰ ਨਾਪਾਕਿ ਹਰਕਤਾਂ ਕਰਨ ਦੀ ਕੋਸ਼ਿਸ਼ ਗੁਆਂਢੀ ਮੁਲਕ 'ਚ ਬੈਠੇ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਜਾਂਦੀ ਹੈ ਪਰ ਹਰ ਵਾਰ ਪੰਜਾਬ ਪੁਲਿਸ ਜਾਂ ਭਾਰਤੀ ਫੌਜ ਵਲੋਂ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਂਦਾ ਹੈ। ਇਸ ਦੇ ਚੱਲਦਿਆਂ ਬਠਿੰਡਾ 'ਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ।
ਆਈਐਸਆਈ ਸਬੰਧਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼: ਬਠਿਡਾ ਪੁਲਿਸ ਨੇ ਪਾਕਿਸਤਾਨ ਤੋਂ ਚੱਲ ਰਹੇ ਆਈਐਸਆਈ ਸਬੰਧਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਇਸ ਸਬੰਧੀ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 8 ਹਥਿਆਰ, 9 ਮੈਗਜ਼ੀਨ ਤੇ 30 ਕਾਰਤੂਸ ਬਰਾਮਦ ਹੋਏ ਹਨ। ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਟੀਮ ਨੇ ਇਸ ਕਾਰਵਾਈ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਸ ਦੀ ਜਾਣਕਾਰੀ ਖੁਦ ਡੀਜੀਪੀ ਪੰਜਾਬ ਗੌਰਵ ਯਾਦਵ ਵਲੋਂ ਕੀਤੀ ਗਈ ਹੈ।
ਸੰਗਰੂਰ ਜੇਲ੍ਹ ਵਿੱਚ ਬੰਦ ਮੁਲਜ਼ਮਾਂ ਦੇ ਸੰਪਰਕ ਵਿੱਚ ਸੀ ਕਾਬੂ ਕੀਤੇ ਮੁਲਜ਼ਮ:ਇਸ ਸਬੰਧੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੰਗਰੂਰ ਜੇਲ੍ਹ ਵਿੱਚ ਬੰਦ ਮੁਲਜ਼ਮਾਂ ਦੇ ਸੰਪਰਕ ਵਿੱਚ ਸਨ। ਉਨ੍ਹਾਂ ਲੋਕਾਂ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਹਿਲਾਂ ਫੜੇ ਗਏ ਮੁਲਜ਼ਮ ਵੀ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਸਨ।
ਮਾਮਲਾ ਦਰਜ ਕਰਕੇ ਮੁਲਜ਼ਮਾਂ ਤੋਂ ਪੁੱਛਗਿਛ ਸ਼ੁਰੂ: ਇਨ੍ਹਾਂ ਤਿੰਨਾਂ ਵਿਅਕਤੀਆਂ ਖ਼ਿਲਾਫ਼ ਥਾਣਾ ਬਠਿੰਡਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਇਨ੍ਹਾਂ ਮੁਲਜ਼ਮਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਸ ਗਿਰੋਹ ਦੇ ਹੋਰ ਲੋਕਾਂ ਨੂੰ ਕਾਬੂ ਕੀਤਾ ਜਾ ਸਕੇ। ਕਾਬਿਲੇਗੌਰ ਹੈ ਕਿ ਪੰਜਾਬ ਪੁਲਿਸ ਪਾਕਿਸਤਾਨ ਤੋਂ ਚੱਲ ਰਹੇ ਅੱਤਵਾਦੀ ਮਾਡਿਊਲ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਦਿਵਾਲੀ ਤੋਂ ਹੁਣ ਤੱਕ ਅਜਿਹੇ 8 ਤੋਂ ਵੱਧ ਅੱਤਵਾਦੀ ਮਾਡਿਊਲ ਬੇਨਕਾਬ ਹੋ ਚੁੱਕੇ ਹਨ। ਇਨ੍ਹਾਂ ਲੋਕਾਂ ਵੱਲੋਂ ਸੂਬੇ ਦੀਆਂ ਮਸ਼ਹੂਰ ਹਸਤੀਆਂ, ਕਾਰੋਬਾਰੀਆਂ ਤੇ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ।