ਬਠਿੰਡਾ:ਪੰਜਾਬ ਵਿੱਚ ਆਏ ਦਿਨ ਵਧ ਰਹੀਆਂ ਗੈਂਗਸਟਰਾਂ ਦੀਆਂ ਕਾਰਵਾਈਆਂ ਦੇ ਖਿਲਾਫ ਬਠਿੰਡਾ ਪੁਲਿਸ ਹੁਣ ਸਖ਼ਤ ਨਜ਼ਰ ਆ ਰਹੀ ਹੈ। ਸਪੈਸ਼ਲ ਸਟਾਫ ਨੇ ਬੰਬੀਹਾ ਗਰੁੱਪ ਨਾਲ ਸਬੰਧਿਤ ਦੋ ਗੈਂਗਸਟਰਾਂ ਨੂੰ ਮੱਧ ਪ੍ਰਦੇਸ਼ ਤੋਂ ਲਿਆਂਦੇ ਅਸਲੇ ਨਾਲ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸਪੀਡੀ ਅਜੇ ਗਾਂਧੀ ਨੇ ਦੱਸਿਆ ਕਿ ਸਪੈਸ਼ਲ ਸਟਾਫ ਦੀ ਟੀਮ ਵੱਲੋਂ ਬੀਬੀ ਵਾਲਾ ਚੌਂਕ ਵਿੱਚ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ 2 ਮੋਟਰਸਾਈਕਲ ਸਵਾਰ ਨੌਜਵਾਨ ਆਏ ਜਦੋਂ ਸਪੈਸ਼ਲ ਸਟਾਫ ਦੀ ਟੀਮ ਵੱਲੋਂ ਇਹਨਾਂ ਦੀ ਤਲਾਸ਼ੀ ਲਈ ਗਈ ਤਾਂ ਇਹਨਾਂ ਕੋਲੋਂ 5 ਦੇਸੀ ਪਿਸਟਲ ਬਰਾਮਦ ਹੋਏ ਜੋ ਕਿ ਮੁਲਜ਼ਮਾਂ ਵੱਲੋਂ ਮੱਧ ਪ੍ਰਦੇਸ਼ ਤੋਂ ਲਿਆਂਦੇ ਗਏ ਸਨ।
ਤਿੰਨ ਮੁਲਜ਼ਮ ਹਨ ਫਰਾਰ:ਐੱਸਪੀਡੀ ਨੇ ਦੱਸਿਆ ਕਿ 3 ਪਿਸਤੌਲ, 32 ਬੋਰ ਅਤੇ 2 ਪਿਸਤੌਲ, 30 ਬੋਰ ਦੇ ਇੰਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੁਲਜ਼ਮਾਂ ਕੋਲੋਂ 20 ਕਾਰਤੂਸ ਅਤੇ 10 ਪਿਸਟਲਾਂ ਦੇ ਮੈਗਜ਼ੀਨ ਵੀ ਬਰਾਮਦ ਕੀਤੇ ਗਏ ਹਨ। ਐੱਸਪੀਡੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਵਿਦੇਸ਼ ਅਧਾਰਿਤ ਗੈਂਗਸਟਰ ਲੱਕੀ ਪਟਿਆਲ, ਇੰਦਰਜੀਤ ਸਿੰਘ ਅਤੇ ਸੁੱਖਾ ਦੁਨੇਕੇ ਦੇ ਸੰਪਰਕ ਵਿੱਚ ਇਹ ਦੋਵੇ ਗੈਂਗਸਟਰ ਸਨ ਅਤੇ ਇਹਨਾਂ ਵੱਲੋਂ ਪੰਜਾਬ ਵਿੱਚ ਵੱਡੀ ਵਾਰਦਾਤ ਕੀਤੀ ਜਾਣੀ ਸੀ, ਪਰ ਸਮਾਂ ਰਹਿੰਦੇ ਸਪੈਸ਼ਲ ਸਟਾਫ ਵੱਲੋਂ ਇਨ੍ਹਾਂ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ । ਐੱਸਪੀਡੀ ਨੇ ਅੱਗੇ ਕਿਹਾ ਕਿ ਇਨ੍ਹਾਂ ਵੱਲੋਂ ਮੱਧ ਪ੍ਰਦੇਸ਼ ਤੋਂ ਇਹ ਪਿਸਤੌਲ ਕਿਸ ਖ਼ਾਸ ਵਾਰਦਾਤ ਨੂੰ ਅੰਜਾਮ ਦੇਣ ਲਈ ਲਿਆਂਦੇ ਗਏ ਸਨ ਇਸ ਸਬੰਧੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਵੱਲੋਂ ਪੰਜ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਤਿੰਨ ਮੁਲਜ਼ਮਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ । ਇੱਥੇ ਦੱਸਣਯੋਗ ਹੈ ਕਿ ਲੱਕੀ ਪਟਿਆਲ, ਇੰਦਰਜੀਤ ਅਤੇ ਸੁੱਖਾ ਦੁੱਨੇਕੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ।