ਬਠਿੰਡਾ: ਬਠਿੰਡਾ ਪੁਲਿਸ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਵਧਾਈ ਗਈ ਚੌਕਸੀ ਦੇ ਚੱਲਦਿਆਂ ਅੱਜ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਰਾਜਸਥਾਨ ਦੇ ਜੋਰਡਨ ਗਿਰੋਹ ਦਾ ਮੁੱਖ ਸਰਗਣਾ ਮਨੋਜ ਕੁਮਾਰ ਉਰਫ਼ ਗੱਬਰ ਸਮੇਤ 6 ਗੈਂਗਸਟਰਾਂ ਨੂੰ ਭਾਰੀ ਅਸਲ੍ਹੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਆਈਜੀ ਜਸਕਰਨ ਸਿੰਘ ਅਤੇ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਵੱਖ ਵੱਖ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਦੋ ਗੈਂਗਾਂ ਦੇ 6 ਮੈਂਬਰਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਜਿਸ ਵਿੱਚ ਜੋਰਡਨ ਗਿਰੋਹ ਦੇ ਮੁੱਖ ਸਰਗਨਾ ਸਣੇ 4 ਵਿਅਕਤੀਆਂ ਨੂੰ ਭਾਰੀ ਅਸਲੇ ਨਾਲ ਕਾਬੂ ਕੀਤਾ ਹੈ ਅਤੇ ਦੂਜੀ ਗੈਂਗ ਦੇ 2 ਵਿਅਕਤੀਆਂ ਕੋਲੋਂ ਵੀ ਮੋਟਰਸਾਇਕਲ ਸਣੇ ਇੱਕ ਕਾਰ ਅਤੇ ਅਸਲ੍ਹਾ ਬਰਾਮਦ ਹੋਇਆ ਹੈ।
ਬਠਿੰਡਾ ਪੁਲਿਸ ਨੇ ਜੋਰਡਨ ਗਿਰੋਹ ਦੇ ਸਰਗਣਾ ਸਣੇ 6 ਗੈਂਗਸਟਰਾਂ ਨੂੰ ਕੀਤਾ ਕਾਬੂ ਉਨ੍ਹਾਂ ਦੱਸਿਆ ਕਿ ਮੁਖ਼ਬਰੀ ਮਿਲੀ ਸੀ ਕਿ ਰਾਜਸਥਾਨ ਤੋਂ ਮਲੋਟ ਹੁੰਦੇ ਹੋਏ ਕੁਝ ਗੁੰਡਾ ਅਨਸਰ ਲੁੱਟਖੋਹ ਅਤੇ ਨਜਾਇਜ਼ ਅਸਲ੍ਹੇ ਨਾਲ ਬਠਿੰਡਾ ਵੱਲ ਆ ਰਹੇ ਹਨ। ਜਿਸ ਤਹਿਤ ਮਨੋਜ ਕੁਮਾਰ ਉਰਫ ਗੱਬਰ ਵਾਸੀ ਸ੍ਰੀ ਗੰਗਾਨਗਰ ਜੋਕਿ ਜ਼ੋਰਡਨ ਗਰੁੱਪ ਦਾ ਮੁੱਖ ਸਰਗਣਾ ਹੈ, ਰਵਿੰਦਰ ਸਿੰਘ ਉਰਫ ਰਵੀ, ਅਕਾਸ਼ ਸਿੰਘ ਪੱਤਰ ਕੈਲਾਸ਼ ਸਿੰਘ ਵਾਸੀ ਜੋਧਪੁਰ ਰਾਜਸਥਾਨ, ਜਗਦੀਪ ਸਿੰਘ ਉਰਫ ਸੋਨੀ ਪੁੱਤਰ ਜੱਗਾ ਸਿੰਘ ਵਾਸੀ ਤੁੰਗਵਾਲੀ ਜੋ ਕਿ ਲੁੱਟਾਂ ਖੋਹਾਂ ਕਰਦੇ ਸਨ ਅਤੇ ਇਨ੍ਹਾਂ ਵਿਅਕਤੀਆਂ ਉੱਤੇ ਪਹਿਲਾਂ ਵੀ ਕਈ ਪੁਲਿਸ ਮਾਮਲੇ ਦਰਜ ਹਨ। ਜਿੰਨਾਂ ਖਿਲਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਦਾਲਤੀ ਰਿਮਾਂਡ ਹਾਸਲ ਕੀਤਾ ਗਿਆ ਹੈ।
ਦੂਜੇ ਗਿਰੋਹ ਬਾਰੇ ਉਨ੍ਹਾਂ ਦੱਸਿਆ ਕਿ ਸੀਆਈਏ-1 ਬਠਿੰਡਾ ਦੀ ਟੀਮ ਵੱਲੋਂ ਭੁੱਚੋ ਖੁਰਦ ਨੇੜੇ ਰੇਲਵੇ ਫਾਟਕ ਤੋਂ ਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਇਕਬਾਲ ਸਿੰਘ ਵਾਸੀ ਕੋਟ ਮੁਹੰਮਦ ਖਾਂ ਜ਼ਿਲ੍ਹਾ ਮੋਗਾ ਅਤੇ ਨਿਸ਼ਾਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭਲੂਰ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 5 ਪਿਸਟਲ 32 ਬੋਰ ਸਮੇਤ 35 ਜ਼ਿੰਦਾ ਕਾਰਤੂਸ, 2 ਦੇਸੀ ਕੱਟੇ 15 ਬੋਰ ਸਮੇਤ 10 ਜ਼ਿੰਦਾ ਕਾਰਤੂਸ, 1 ਦੇਸੀ ਕੱਟਾ 32 ਬੋਰ ਸਮੇਤ 5 ਜ਼ਿੰਦਾ ਕਾਰਤੂਸ, 1 ਪਿਸਤੌਲ 12 ਬੋਰ ਦੇਸੀ ਸਮੇਤ 5 ਜ਼ਿੰਦਾ ਕਾਰਤੂਸ, 1 ਆਲਟੋ ਕਾਰ ਬਿਨਾਂ ਨੰਬਰੀ, 1 ਕਾਰ ਸ਼ੈਵਰਲੈਟ, 1 ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਜਿਨ੍ਹਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।