ਬਠਿੰਡਾ: ਪਿੰਡ ਕੋਟਫੱਤਾ ’ਚ ਮਾਸੂਮ ਦਲਿਤ ਭੈਣ ਭਰਾ ਬਲੀ ਕਾਂਡ ਇਕ ਵਾਰ ਫਿਰ ਚਰਚਾ ’ਚ ਆ ਗਿਆ, ਜਦੋਂ ਇਸ ਦੂਹਰੇ ਕਤਲ ਕਾਂਡ ਦਾ ਸਜ਼ਾ ਜਾਫ਼ਤਾ ਉਮਰ ਕੈਦੀ ਮੁੱਖ ਮੁਲਜ਼ਮ ਤਾਂਤਰਿਕ ਲਖਵਿੰਦਰ ਸਿੰਘ ਲੱਖੀ ਪੁਲਿਸ ਪ੍ਰਸ਼ਾਸਨ ਦੇ ਢਿੱਲੇ ਪ੍ਰਬੰਧਾਂ ਕਾਰਣ ਫਰਾਰ ਹੋਣ ਵਿਚ ਸਫ਼ਲ ਹੋ ਗਿਆ। ਇਸ ਸਬੰਧੀ ਐਕਸ਼ਨ ਕਮੇਟੀ ਦੇ ਆਗੂਆਂ ਭਾਈ ਪਰਨਜੀਤ ਸਿੰਘ ਜੱਗੀ ਕੋਟਫ਼ੱਤਾ ਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੁਲਿਸ ਦੀ ਢਿੱਲੀ ਭੂਮਿਕਾ ਨੇ ਨਾ ਕੇਵਲ ਉਨ੍ਹਾਂ ਦੀ ਛੇ ਸਾਲਾਂ ਦੀ ਮਿਹਨਤ ਨੂੰ ਮਿੰਟਾਂ ’ਚ ਮਿੱਟੀ ਕਰ ਦਿੱਤਾ, ਸਗੋਂ ਉਹਨਾਂ ਦੇ ਕਿਸੇ ਵੀ ਨੁਕਸਾਨ ਲਈ ਸਜਾ ਜਾਫ਼ਤਾ ਦੋਸ਼ੀ ਮੁੱਖ ਮੁਲਜ਼ਮ ਲੱਖੀ 'ਤੇ ਪੁਲਿਸ ਪ੍ਰਸ਼ਾਸਨ ਜਿੰਮੇਵਾਰ ਹੋਣਗੇ।
ਜਾਅਲੀ ਸਰਟੀਫਿਕੇਟ ਦੀ ਪੁਲਿਸ ਨੇ ਨਹੀਂ ਕੀਤੀ ਪੜ੍ਹਤਾਲ:ਪਰਨਜੀਤ ਸਿੰਘ ਜੱਗੀ ਨੇ ਕਿਹਾ ਕਿ ਇਸ ਤੋਂ ਪਹਿਲਾ ਵੀ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਡਾਕ ਰਾਹੀ ਲਿਖਤੀ ਧਮਕੀਆਂ ਆਈਆਂ ਹਨ, ਜਿਸ ਬਾਰੇ ਥਾਣਾ ਕੋਟਫ਼ੱਤਾ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਗੰਭੀਰਤਾ ਨਾਲ ਨਹੀਂ ਲਿਆ।ਉਹਨਾਂ ਦਸਤਾਵੇਜ ਪ੍ਰੈਸ ਅੱਗੇ ਪੇਸ਼ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਲਗਾਤਾਰ ਛੇ ਸਾਲ ਕਾਨੂੰਨੀ ਤੇ ਸੰਘਰਸ਼ ਕਾਰਣ ਸਾਰੇ ਮੁਲਜ਼ਮਾਂ ਨੂੰ ਉਮਰ ਕੈਦਾਂ ਹੋਈਆਂ ਸਨ ਪਰ ਮੁੱਖ ਮੁਲਜ਼ਮ ਲੱਖੀ ਤਾਂਤਰਿਕ ਵੱਲੋਂ ਆਪਣੀ ਤੰਦਰੁਸਤ ਮਾਂ ਬਲਜੀਤ ਕੌਰ ਨੂੰ ਕੈਂਸਰ ਦੇ ਆਪਰੇਸ਼ਨ ਦਾ 19 ਜੂਨ 2023 ਨੂੰ ਮਹਾਰਾਜਾ ਅਗਰਸੈਨ ਮੈਡੀਕਲ ਕਾਲਜ, ਹਿਸਾਰ ਤੋਂ ਇਕ ਜਾਅਲੀ ਮੈਡੀਕਲ ਰਿਪੋਰਟ ਬਣਾ ਕੇ ਅੰਤਰਿਮ ਜਮਾਨਤ ਲਈ ਅਦਾਲਤ ’ਚ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇੰਨਾਂ ਸੰਵੇਦਨਸ਼ੀਲ ਮੁੱਦਾ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਜਾਅਲੀ ਦਸਤਾਵੇਜਾਂ ਦੀ ਪੜ੍ਹਤਾਲ ਨਹੀਂ ਕੀਤੀ, ਜਿਸ ਕਾਰਣ ਉਮਰ ਕੈਦ ਦਾ ਦੋਸ਼ੀ ਲੱਖੀ ਜੇਲ੍ਹ ਵਿਚੋਂ ਅੰਤਰਿਮ ਜਮਾਨਤ ’ਤੇ ਬਾਹਰ ਆ ਗਿਆ ਤੇ ਮੁੜ ਪੇਸ਼ ਨਹੀਂ ਹੋਇਆ।