ਬਠਿੰਡਾ: ਪੰਜਾਬ ਦੇ ਮੁੱਖ ਖੇਤੀਬਾੜੀ ਕਿੱਤੇ ਨੂੰ, ਚੰਗੇ ਮੁਨਾਫ਼ੇ ਵੱਲ ਲੈ ਕੇ ਜਾਣ ਲਈ ਈ.ਟੀ.ਵੀ. ਭਾਰਤ ਦੀ ਟੀਮ ਵੱਲੋਂ ਕਿਸਾਨਾਂ ਦੀ ਮੰਗ ਉੱਤੇ ਖੇਤੀਬਾੜੀ ਵਿਭਾਗ ਨੂੰ ਹਲੂਣਾ ਦਿੱਤਾ ਗਿਆ। ਇਸ ਦੇ ਸਦਕੇ ਵੀਰਵਾਰ ਨੂੰ ਬਠਿੰਡਾ ਦੇ ਪਿੰਡ ਜੋਧਪੁਰ ਰੋਮਾਣਾ ਵਿੱਚ ਬੀਜੀ ਗਈ ਨਰਮੇ ਦੀ ਫ਼ਸਲ ਉੱਤੇ ਮੁਫ਼ਤ ਸਪਰੇਅ ਕਰਵਾਈ ਗਈ। ਇਸ ਮੌਕੇ ਬਠਿੰਡਾ ਮੁੱਖ ਖੇਤੀਬਾੜੀ ਅਫ਼ਸਰ ਬਹਾਦਰ ਸਿੰਘ ਸਿੱਧੂ ਆਪਣੀ ਖੇਤੀਬਾੜੀ ਵਿਭਾਗ ਟੀਮ ਦੇ ਨਾਲ ਮੌਜੂਦ ਰਹੇ।
ਇਸ ਮੌਕੇ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਜੋਧਪੁਰ ਰੋਮਾਣਾ ਵਿੱਚ ਬੀਜੀ ਜਾਣ ਵਾਲੀ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਨੇ ਤਬਾਹ ਕਰ ਦਿੱਤੀ ਸੀ ਜਿਸ ਕਰਕੇ ਇਸ ਵਾਰ ਨਰਮੇ ਦੀ ਫ਼ਸਲ ਵੀ ਖ਼ਰਾਬ ਹੁੰਦੀ ਜਾ ਰਹੀ ਸੀ। ਪਰ ਈ.ਟੀ.ਵੀ. ਭਾਰਤ ਦੀ ਟੀਮ ਦੇ ਸਹਿਯੋਗ ਨਾਲ ਅੱਜ ਉਨ੍ਹਾਂ ਦੇ ਪਿੰਡ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਮੁਫ਼ਤ ਸਪਰੇਹਾਂ ਕਰਵਾ ਕੇ ਗੁਲਾਬੀ ਸੁੰਡੀ ਦਾ ਖ਼ਾਤਮਾ ਕੀਤਾ ਜਾ ਰਿਹਾ ਹੈ ਜਿਸ ਨਾਲ ਹੁਣ ਉਨ੍ਹਾਂ ਨੂੰ ਚੰਗੀ ਫਸਲ ਦੀ ਉਮੀਦ ਵੀ ਜਾਗ ਪਈ ਹੈ।
ਇੱਕ ਹੋਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੀ ਨਰਮੇ ਦੀ ਫ਼ਸਲ ਸਮੇਂ ਰਹਿੰਦ ਖੂੰਦ ਵਿੱਚੋਂ ਕ੍ਰਿਸ਼ਨਾ ਕੌਟਨ ਫੈਕਟਰੀ ਦੀ ਅਣਗਹਿਲੀ ਨਾਲ ਗੁਲਾਬੀ ਸੁੰਡੀ ਦਾ ਲਾਰਵਾ ਪਾਇਆ ਗਿਆ ਸੀ ਜਿਸ ਦਾ ਅਸਰ ਸਾਡੇ ਤਮਾਮ ਨਰਮੇ ਦੀ ਫ਼ਸਲ ਤੇ ਉੱਤੇ ਵੀ ਪੈ ਰਿਹਾ ਹੈ। ਉਸ ਸਮੇਂ ਖੇਤੀਬਾੜੀ ਵਿਭਾਗ ਦੀ ਟੀਮ ਨੂੰ ਵੀ ਸੂਚਿਤ ਕੀਤਾ ਗਿਆ ਸੀ ਜਿਨ੍ਹਾਂ ਵੱਲੋਂ ਇਸ ਦੇ ਸੈਂਪਲ ਵੀ ਲਏ ਗਏ ਸਨ ਪਰ ਹੁਣ ਫ਼ਿਲਹਾਲ ਨਰਮੇ ਦੀ ਫ਼ਸਲ ਨੂੰ ਬਚਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਮੁਫ਼ਤ ਸਪਰੇਹਾਂ ਕਰਕੇ ਕਿਸਾਨਾਂ ਦਾ ਸਹਿਯੋਗ ਅਦਾ ਕੀਤਾ ਜਾ ਰਿਹਾ ਹੈ।