ਬਠਿੰਡਾ :ਘਰ ਦੇ ਹਾਲਾਤਾਂ ਨੂੰ ਬਿਹਤਰ ਕਰਨ ਲਈ ਪਿੰਡ ਸਿਵੀਆਂ ਦੀ ਰਹਿਣ ਵਾਲੀ ਬਲਜਿੰਦਰ ਕੌਰ ਵੱਲੋਂ ਬੈਂਕ ਵਿੱਚ ਬਤੌਰ ਸੇਵਾ ਦੀ ਨੌਕਰੀ ਕਰਨੀ ਸ਼ੁਰੂ ਕੀਤੀ, ਪਰ ਦਸਵੀਂ ਪਾਸ ਬਲਜਿੰਦਰ ਕੌਰ ਦੇ ਸੁਪਨੇ ਵੱਡੇ ਸਨ। ਉਹ ਆਪਣੀ ਜ਼ਿੰਦਗੀ ਵਿੱਚ ਕੁਝ ਵੱਡਾ ਕਰਨਾ ਚਾਹੁੰਦੀ ਸੀ। ਬੈਂਕ ਕਰਮਚਾਰੀਆਂ ਦੇ ਸਹਿਯੋਗ ਨਾਲ ਉਸ ਨੇ ਸੈਲਫ ਹੈਲਪ ਗਰੁੱਪ ਬਣਾ ਔਰਤਾਂ ਨੂੰ ਰੁਜ਼ਗਾਰ ਦੇਣ ਦਾ ਫੈਸਲਾ ਲਿਆ।
ਇੰਝ 700 ਕਰੀਬ ਔਰਤਾਂ ਨੂੰ ਦਿੱਤਾ ਰੁਜ਼ਗਾਰ:ਕਰੀਬ 10 ਸਾਲ ਪਹਿਲਾਂ ਸ਼ੁਰੂ ਕੀਤੇ ਗਏ ਸੈਲਫ ਹੈਲਪ ਗਰੁੱਪ ਦਾ ਜਿੱਥੇ ਉਸ ਦੇ ਘਰਦਿਆ ਨੇ ਵਿਰੋਧ ਕੀਤਾ, ਉੱਥੇ ਹੀ ਪਿੰਡ ਵਾਲਿਆਂ ਨੇ ਵੀ ਸਾਥ ਦੇਣ ਤੋਂ ਕੰਨੀ ਕਤਰਾਉਣਾ ਸ਼ੁਰੂ ਕਰ ਦਿੱਤਾ। ਬਲਜਿੰਦਰ ਕੌਰ ਨੇ ਦ੍ਰਿੜ ਇਰਾਦੇ ਨਾਲ ਆਲੇ ਦੁਆਲੇ ਦੇ ਇਲਾਕੇ ਵਿੱਚੋਂ ਸੈਲਫ ਹੈਲਪ ਗਰੁੱਪ ਬਣਾਏ ਅਤੇ ਬੈਂਕ ਤੋਂ ਲੋਨ ਕਰਵਾ ਕੇ ਉਨ੍ਹਾਂ ਨੂੰ ਟ੍ਰੇਨਿੰਗ ਦੇਣ ਉਪਰੰਤ ਰੁਜ਼ਗਾਰ ਮੁਹਈਆ ਕਰਵਾਇਆ। ਬਲਜਿੰਦਰ ਕੌਰ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੇਂਡੂ ਔਰਤਾਂ ਦੇ ਸਵੈ ਰੁਜ਼ਗਾਰ ਲਈ ਪੰਜਾਬ ਸਰਕਾਰ ਦੁਆਰਾ ਸੈਲਫ ਹੈਲਪ ਗਰੁੱਪ ਬਣਾ ਕੇ ਚਲਾਈ ਗਈ। ਇਸ ਸਕੀਮ ਅਧੀਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਸਿਵੀਆਂ ਵਿੱਚ 700 ਤੋਂ ਵੱਧ ਔਰਤਾਂ ਨੂੰ ਸਵੈ ਰੁਜ਼ਗਾਰ ਦਿਤਾ ਗਿਆ ਜਿਸ ਨਾਲ ਇੱਕ ਔਰਤ ਨੂੰ ਲਗਭਗ 12 ਹਜ਼ਾਰ ਤੋਂ ਲੈ ਕੇ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੱਕ ਦੀ ਆਮਦਨ ਹੋ ਰਹੀ ਹੈ।
ਇਨ੍ਹਾਂ ਕੰਮਾਂ ਦੀ ਸਿਖਲਾਈ ਦਿੱਤੀ ਜਾਂਦੀ:ਪਿੰਡ ਸਿਵੀਆਂ ਦੀ ਬਲਜਿੰਦਰ ਕੌਰ ਜੋ ਕਿ ਇੱਕ ਬੈਂਕ ਵਿੱਚ ਸੇਵਾਦਾਰ ਦਾ ਕੰਮ ਕਰਦੀ ਹੈ, ਨੇ ਦੱਸਿਆ ਕਿ ਮੇਰੇ ਕੋਲ ਹੁਣ ਤੱਕ 723 ਤੋਂ ਵੱਧ ਔਰਤਾਂ ਵੱਖ ਵੱਖ ਕੰਮ ਕਰਦੀਆਂ ਹਨ। ਹਰ ਰੋਜ਼ 300 ਤੋਂ ਲੈ ਕੇ 350 ਰੁਪਏ ਤੱਕ ਸਿਲਾਈ, ਕਢਾਈ, ਮੰਜੇ ਬੁਣਨਾ, ਬੇਕਰੀ ਅਤੇ ਪਾਰਲਰ ਆਦਿ ਦਾ ਕੰਮ ਕਰੀਆਂ ਹਨ। ਇਹ ਔਰਤਾਂ ਆਮ ਘਰਾਂ ਦੀਆਂ ਔਰਤਾਂ ਹਨ, ਜਿਨ੍ਹਾਂ ਨੇ ਇੱਥੇ ਹੀ ਇੱਕ ਮਹੀਨਾ ਟ੍ਰੇਨਿੰਗ ਲਈ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾ ਨੇ ਸਿਲਾਈ ਮਸ਼ੀਨਾਂ ਦਿੱਤੀਆਂ। ਹੁਣ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀਆਂ ਯੂਨੀਫਾਰਮ ਬਣਾਉਣ ਦਾ ਕੰਮ ਦੇ ਦਿੱਤਾ ਹੈ। ਲਗਭਗ 20 ਹਜ਼ਾਰ ਤੋਂ ਉੱਤੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੀਆਂ ਵਰਦੀਆਂ ਸਿਲਾਈ ਕਰਕੇ ਦਿੱਤੀਆਂ ਜਾਣਗੀਆਂ। ਉਨ੍ਹਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ ਅਤੇ ਹਿੰਮਤ ਵੀ ਮਿਲੀ ਹੈ।