ਬਠਿੰਡਾ: ਜ਼ਿਲ੍ਹੇ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਕ ਵਾਰ ਫਿਰ ਗੁੰਡਾਗਰਦੀ ਦਾ ਮਾਮਲਾ ਵੇਖਣ 'ਚ ਆਇਆ ਹੈ। ਖੇਤਾ ਸਿੰਘ ਬਸਤੀ ਵਿੱਚ ਇਕ ਔਰਤ ਦਾ ਕਤਲ ਕਰ ਦਿੱਤਾ ਗਿਆ, ਜਦਕਿ ਉਸ ਦਾ ਲੜਕਾ ਜ਼ਖ਼ਮੀ ਹੈ। ਦੋਵੇਂ ਮਾਂ ਪੁੱਤ ਕਰਿਆਨੇ ਦੀ ਦੁਕਾਨ ਕਰਦੇ ਸਨ। ਇਹ ਘਟਨਾ ਰਾਤ ਸਮੇਂ ਵਾਪਰੀ। ਇਸ ਪੂਰੇ ਮਾਮਲੇ ਦੀ ਥਾਣਾ ਥਰਮਲ ਪੁਲਿਸ ਜਾਂਚ ਕਰ ਰਹੀ ਹੈ। ਔਰਤ ਅਤੇ ਲੜਕੇ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲੈ ਜਾਇਆ ਗਿਆ, ਜਿੱਥੇ ਔਰਤ ਦੀ ਹਸਪਤਾਲ ਵਿੱਚ ਪੁੱਜਣ ਤੋਂ ਬਾਅਦ ਮੌਤ ਹੋ ਗਈ, ਜਦਕਿ ਬੇਟਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਲੁੱਟ ਦੀ ਵਾਰਦਾਤ ਨਾਲ ਹੋਏ ਸੀ ਘਰ 'ਚ ਦਾਖਲ ਲੁਟੇਰੇ:ਖਦਸ਼ਾ ਹੈ ਕਿ ਲੁੱਟ ਦੀ ਨੀਅਤ ਲੁਟੇਰੇ ਘਰ ਅੰਦਰ ਦਾਖਲ ਹੋਏ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਕਤਲ ਦਾ ਖੁਲਾਸਾ ਐਤਵਾਰ ਸਵੇਰੇ ਹੋਇਆ। ਸਹਾਰਾ ਜਨ ਟੀਮ ਦੇ ਮੈਂਬਰ ਸੰਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਤੁਰੰਤ ਮਹਿਲਾ ਮਧੁਰਾਣੀ ਸਮੇਤ ਜ਼ਖਮੀ ਨੌਜਵਾਨ ਵਿਕਾਸ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਹੈ, ਜਦਕਿ ਨੌਜਵਾਨ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।
ਮਾਂ-ਪੁੱਤ ਰਹਿੰਦੇ ਸੀ ਇੱਕਠੇ, ਪੁੱਤ ਦਾ ਹੋ ਚੁੱਕਾ ਤਲਾਕ:ਆਂਢ-ਗੁਆਂਢ ਵਿੱਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਦਾ ਸ਼ੁਰੂ ਤੋਂ ਕਰਿਆਨਾ ਦਾ ਕੰਮ ਹੈ। ਸਵੇਰੇ 5 ਵਜੇ ਦੁਕਾਨ ਖੁੱਲ੍ਹ ਜਾਂਦੀ ਹੈ, ਪਰ ਅੱਜ ਖੁੱਲ੍ਹੀ ਨਾ ਵੇਖ ਅਸੀਂ ਜਾ ਕੇ ਵੇਖਿਆ ਤਾਂ ਘਰ ਲਹੂ ਲੁਹਾਣ ਹੋਇਆ ਸੀ। ਮਹਿਲਾ ਦੇ ਕਾਫੀ ਸੱਟ ਲੱਗੀ ਹੋਈ ਸੀ ਅਤੇ ਪੁੱਤਰ ਦੇ ਵੀ। ਲੋਕਾਂ ਨੇ ਦੱਸਿਆ ਕਿ ਜਖ਼ਮੀ ਨੌਜਵਾਨ ਦੀ ਉਮਰ ਲਗਭਗ 35 ਸਾਲ ਹੈ, ਜਿਸ ਦੇ ਬੱਚੇ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨਾਲ ਉਸ ਦਾ ਤਲਾਕ ਹੋ ਚੁੱਕਾ ਹੈ। ਹੁਣ ਉਹ ਇੱਕਠੇ ਮਾਂ-ਪੁੱਤ ਹੀ ਇੱਥੇ ਰਹਿੰਦੇ ਸੀ।