ਬਠਿੰਡਾ: ਪੰਜਾਬ 'ਚ ਕੋਰੋਨਾ ਪੀੜਤਾਂ ਦੀ ਰਫ਼ਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ। ਸਿਹਤ ਵਿਭਾਗ ਦੇ ਸਾਰੇ ਹੀ ਕਰਮਚਾਰੀ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਆਸ਼ਾ ਵਰਕਰਾਂ ਤੋਂ ਲੈ ਕੇ ਸਿਵਲ ਸਰਜਨ ਤੱਕ ਸਾਰੇ ਹੀ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਅ ਰਹੇ ਹਨ। ਬੀਤੇ ਕੁੱਝ ਸਮੇਂ ਤੋਂ ਆਸ਼ਾ ਵਰਕਰਾਂ ਨੂੰ ਕੋਵਿਡ-19 ਦਾ ਭੱਤਾ ਨਾ ਮਿਲਣ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਆਸ਼ਾ ਵਰਕਰਾਂ ਨੇ ਸਿਵਲ ਹਸਪਤਾਲ ਵਿਖੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਗੱਲਬਾਤ ਦੌਰਾਨ ਭੁੱਖ ਹੜਤਾਲ 'ਤੇ ਬੈਠੀ ਆਸ਼ਾ ਵਰਕਰ ਸੁਖਜੀਤ ਕੌਰ ਨੇ ਦੱਸਿਆ ਕਿ ਕੋਵਿਡ ਦੇ ਦੌਰਾਨ ਸਾਰੀਆਂ ਆਸ਼ਾ ਵਰਕਰ ਅਤੇ ਫੈਸੀਲੇਟਰ ਪਹਿਲੇ ਦਿਨ ਤੋਂ ਹੀ ਆਪਣੀਆਂ ਸੇਵਾਵਾਂ ਸਮਾਜ ਨੂੰ ਦੇ ਰਹੀਆਂ ਹਨ। ਸੁਖਜੀਤ ਕੌਰ ਨੇ ਦੱਸਿਆ ਕਿ ਆਸ਼ਾ ਵਰਕਰਾਂ ਨੂੰ ਕੋਵਿਡ ਦਾ ਇਨਸੈਂਟਿਵ 2500 ਰੁਪਏ ਅਤੇ ਫੈਸੀਲੇਟਰ ਨੂੰ 2000 ਰੁਪਏ ਸਿਹਤ ਵਿਭਾਗ ਵੱਲੋਂ ਕੋਵਿਡ ਭੱਤੇ ਦੇ ਨਾਂ 'ਤੇ ਦਿੱਤੇ ਜਾਂਦੇ ਸਨ, ਪਰ ਹੁਣ ਸਰਕਾਰ ਨੇ ਜੂਨ ਤੋਂ ਬਾਅਦ ਉਕਤ ਇੰਸੈਂਟਿਵ ਦੇਣਾ ਬੰਦ ਕਰ ਦਿੱਤਾ ਹੈ ਅਤੇ ਇੰਸੈਂਟਿਵ ਦੀ ਰਕਮ ਵੀ ਘੱਟ ਕਰ ਦਿੱਤੀ ਹੈ। ਸੁਖਜੀਤ ਕੌਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹੁਣ ਇੱਕ ਹਜ਼ਾਰ ਰੁਪਏ ਆਸ਼ਾ ਵਰਕਰ ਅਤੇ ਫੈਸੀਲੇਟਰ ਨੂੰ 500 ਰੁਪਏ ਦੇਣ ਦੀ ਗੱਲ ਆਖੀ ਗਈ ਹੈ। ਉਨ੍ਹਾਂ ਦੱਸਿਆ ਕਿ ਜੁਲਾਈ ਦਾ ਮਹੀਨਾ ਨਿਕਲ ਚੁੱਕਿਆ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਬਣਦੀ ਰਕਮ ਵਿਭਾਗ ਵੱਲੋਂ ਨਹੀਂ ਦਿੱਤੀ ਗਈ, ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਭੁੱਖ ਹੜਤਾਲ ਦਾ ਸਹਾਰਾ ਲੈਣਾ ਪੈ ਰਿਹਾ ਹੈ।