ਪੰਜਾਬ ਵਿੱਚ ਅਲੋਪ ਹੋਈ ਹੱਥਾਂ ਨਾਲ ਮੂਰਤੀਆਂ ਬਣਾਉਣ ਦੀ ਕਲਾ ਬਠਿੰਡਾ: ਜਨਮ ਅਸ਼ਟਮੀ ਦਾ ਤਿਉਹਾਰ ਜਿੱਥੇ ਪੂਰੇ ਦੇਸ਼ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਉੱਥੇ ਹੀ ਇਸ ਤਿਉਹਾਰ ਤੋਂ ਪਹਿਲਾਂ ਝਾਕੀਆਂ ਲਈ ਮੂਰਤੀਆਂ ਤਿਆਰ ਕਰਨ ਲਈ ਕਾਰੀਗਰਾਂ ਨੂੰ ਬੁਲਾਇਆ ਜਾਂਦਾ ਹੈ। ਜਿਸ 'ਚ ਪਹਿਲਾਂ ਪੰਜਾਬੀਆਂ ਵਲੋਂ ਇਸ ਕਲਾ 'ਚ ਨਿਪੁੰਨਤਾ ਹੋਣ ਕਾਰਨ ਇਹ ਮੂਰਤੀਆਂ ਤਿਆਰ ਕੀਤੀਆਂ ਜਾਂਦੀਆਂ ਸੀ ਪਰ ਹੁਣ ਅੱਜ ਦੇ ਆਧੁਨਿਕ ਯੁੱਗ ਦਾ ਵੱਡਾ ਅਸਰ ਧਾਰਮਿਕ ਤਿਉਹਾਰਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਕਈ ਕਲਾਵਾਂ ਇਸ ਆਧੁਨਿਕ ਯੁੱਗ ਕਾਰਣ ਅਲੋਪ ਹੋ ਗਈਆਂ। (Art of sculpture)
ਦੂਸਰੇ ਸੂਬਿਆਂ ਤੋਂ ਪੰਜਾਬ ਬੁਲਾਏ ਜਾਂਦੇ ਕਾਰੀਗਰ: ਇਸ ਦੇ ਚੱਲਦੇ ਪੰਜਾਬ ਵਿੱਚ ਮੂਰਤੀ ਕਲਾ ਅਲੋਪ ਹੋਣ ਕਾਰਨ ਹੁਣ ਮੰਦਿਰ ਪ੍ਰਬੰਧਕ ਕਮੇਟੀਆਂ ਵੱਲੋਂ ਮੂਰਤੀਆਂ ਬਣਾਉਣ ਲਈ ਦੂਸਰੇ ਸੂਬਿਆਂ ਤੋਂ ਕਾਰੀਗਰਾਂ ਨੂੰ ਬੁਲਾਇਆ ਜਾਂਦਾ ਹੈ। ਜਿਸ ਦੇ ਚੱਲਦੇ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਇੱਕ ਮਹੀਨਾ ਪਹਿਲਾਂ ਹੀ ਦੂਸਰੇ ਸੂਬਿਆਂ ਤੋਂ ਕਾਰੀਗਰ ਪੰਜਾਬ ਆ ਜਾਂਦੇ ਹਨ, ਜਿਨ੍ਹਾਂ ਵੱਲੋਂ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਵੱਖ-ਵੱਖ ਤਰਾਂ ਦੀਆਂ ਮੂਰਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ।
ਬਿਹਾਰ ਤੋਂ ਆਏ ਮੂਰਤੀਕਾਰ ਤਿਆਰ ਕਰ ਰਹੇ ਮੂਰਤੀਆਂ: ਬਠਿੰਡਾ ਦੇ ਪ੍ਰਾਚੀਨ ਮੰਦਰ ਗੋਡੀਆਂ ਮੱਠ ਵਿਖੇ ਜਨਮ ਅਸ਼ਟਮੀ ਦੇ ਤਿਉਹਾਰ ਦੇ ਮੱਦੇਨਜ਼ਰ ਕਰੀਬ ਇੱਕ ਮਹੀਨੇ ਤੋਂ ਬਿਹਾਰ ਤੋਂ ਆਏ ਮੂਰਤੀਕਾਰਾਂ ਵੱਲੋਂ ਮੂਰਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਮੂਰਤੀਆਂ ਸ਼ਰਧਾਲੂਆਂ ਦੇ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਇਹਨਾਂ ਮੂਰਤੀਆਂ ਵਿੱਚ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਜੋ ਮੂਰਤੀ ਬਣੀ ਹੈ, ਉਹ ਸ੍ਰੀ ਕ੍ਰਿਸ਼ਨ ਭਗਵਾਨ ਦਾ ਜੇਲ੍ਹ ਵਿੱਚ ਜਨਮ ਹੋਣਾ, ਭਗਵਾਨ ਸ੍ਰੀ ਕ੍ਰਿਸ਼ਨ ਦੀ ਲੀਲਾ ਆਦਿ ਸਭ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।
ਸ਼੍ਰੀ ਕ੍ਰਿਸ਼ਨ ਨਾਲ ਜੁੜੀਆਂ ਬਣਾਈਆਂ ਜਾਂਦੀਆਂ ਮੂਰਤੀਆਂ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਿਰ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼ਾਮ ਸੁੰਦਰ ਸ਼ਰਮਾ ਨੇ ਦੱਸਿਆ ਕੀ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਇਹ ਮੂਰਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਲਈ ਬਿਹਾਰ ਤੋਂ ਪੰਜ ਕਾਰੀਗਰਾਂ ਨੂੰ ਮੂਰਤੀਆਂ ਤਿਆਰ ਕਰਨ ਲਈ ਬੁਲਾਇਆ ਗਿਆ ਹੈ। ਉਹ ਲਗਾਤਾਰ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਮੂਰਤੀਆਂ ਤਿਆਰ ਕਰ ਰਹੇ ਹਨ। ਇਹਨਾਂ ਮੂਰਤੀਆਂ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਜਨਮ ਲੀਲਾ, ਭਗਵਾਨ ਸ੍ਰੀ ਕ੍ਰਿਸ਼ਨ ਦਾ ਗਾਵਾਂ ਨੂੰ ਚਰਾਉਣ ਜਾਣਾ, ਜੇਲ੍ਹ ਵਿੱਚ ਆਪਣੇ ਮਾਤਾ ਪਿਤਾ ਦਾ ਉਦਾਰ ਕਰਨਾ ਸ਼ਾਮਲ ਹਨ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨਾਲ ਜੁੜੇ ਇਹਨਾਂ ਸਭ ਦ੍ਰਿਸ਼ਾਂ ਨੂੰ ਮੂਰਤੀਆਂ ਰਾਹੀਂ ਦਿਖਾਇਆ ਜਾਵੇਗਾ, ਜਿਸ 'ਚ ਇਨ੍ਹਾਂ ਮੂਰਤੀਆਂ ਦੀ ਵਿਸ਼ੇਸ਼ ਤੌਰ 'ਤੇ ਝਾਕੀ ਕੱਢੀ ਜਾਵੇਗੀ।
ਵਿਸ਼ੇਸ਼ ਮਿੱਟੀ ਰਾਹੀ ਤਿਆਰ ਹੁੰਦੀਆਂ ਮੂਰਤੀਆਂ:ਇਸ ਦੇ ਨਾਲ ਹੀ ਮੰਦਿਰ ਪ੍ਰਬੰਧਕ ਨੇ ਦੱਸਿਆ ਕਿ ਇਹਨਾਂ ਮੂਰਤੀਆਂ ਨੂੰ ਬਣਾਉਣ ਲਈ ਵਿਸ਼ੇਸ਼ ਮਿੱਟੀ ਮੰਗਵਾਈ ਜਾਂਦੀ ਹੈ। ਲੱਕੜ ਅਤੇ ਬੂਰੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਜਦੋਂ ਮੂਰਤੀਆਂ ਤਿਆਰ ਹੋ ਜਾਂਦੀਆਂ ਹਨ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਅਸੀਂ ਵਰਿੰਦਾਵਨ ਪਹੁੰਚ ਗਏ ਹੁੰਦੇ ਹਾਂ। ਇਹ ਕੁੱਲ 30 ਮੂਰਤੀਆਂ ਤਿਆਰ ਕੀਤੀਆਂ ਗਈਆਂ ਹਨ ਅਤੇ ਇਹਨਾਂ ਮੂਰਤੀਆਂ ਨੂੰ ਤਿਆਰ ਕਰਨ ਲਈ ਇੱਕ ਮਹੀਨੇ ਵਿੱਚ ਘੱਟੋ ਘੱਟ ਇੱਕ ਲੱਖ ਰੁਪਏ ਦਾ ਖਰਚਾ ਆ ਜਾਂਦਾ ਹੈ।
ਝਾਕੀਆਂ ਰਾਹੀ ਕਰਵਾਏ ਜਾਂਦੇ ਦਰਸ਼ਨ: ਮੰਦਿਰ ਪ੍ਰਬੰਧਕ ਸ਼ਾਮ ਸੁੰਦਰ ਸ਼ਰਮਾ ਨੇ ਦੱਸਿਆ ਕਿ ਜਨਮ ਅਸ਼ਟਮੀ ਵਾਲੇ ਦਿਨ ਮੰਦਿਰ ਵਿੱਚ ਇੰਨ੍ਹਾਂ ਝਾਕੀਆਂ ਨੂੰ ਸਜਾਇਆ ਜਾਵੇਗਾ ਅਤੇ ਸਾਰਾ ਦਿਨ ਭਗਵਤ ਗੀਤਾ ਦਾ ਪਾਠ ਹੋਵੇਗਾ ਅਤੇ ਸ਼ਾਮ ਨੂੰ ਛੇ ਤੋਂ ਸੱਤ ਵਜੇ ਤੱਕ ਭਗਵਾਨ ਸ੍ਰੀ ਕ੍ਰਿਸ਼ਨ ਦੀ ਆਰਤੀ ਹੋਵੇਗੀ ਅਤੇ ਰਾਤ ਨੂੰ 12 ਵਜੇ ਭਗਵਾਨ ਸ੍ਰੀ ਕ੍ਰਿਸ਼ਨ ਦਾ ਪੰਜ ਅੰਮ੍ਰਿਤ ਅਭਿਸ਼ੇਕ ਕੀਤਾ ਜਾਵੇਗਾ ਅਤੇ ਫਿਰ ਛੱਪਣ ਪ੍ਰਕਾਰ ਦਾ ਭੋਗ ਲਗਾਇਆ ਜਾਵੇਗਾ ਅਤੇ ਸ਼ਰਧਾਲੂਆਂ ਨੂੰ ਮੱਖਣ ਅਤੇ ਮਿਸ਼ਰੀ ਦਾ ਪ੍ਰਸ਼ਾਦ ਵੰਡਿਆ ਜਾਵੇਗਾ।