ਬਠਿੰਡਾ: ਪੰਜਾਬ ਵਿੱਚ ਇਸ ਵਾਰ ਨਰਮੇ ਦੀ ਫਸਲ 'ਤੇ ਇੱਕ ਵਾਰ ਫਿਰ ਗੁਲਾਬੀ ਸੁੰਡੀ ਦੇ ਹਮਲੇ ਦਾ ਖ਼ਤਰਾ ਮੰਡਰਾ ਰਿਹਾ ਹੈ। ਮਾਲਵੇ ਦੇ ਕਈ ਜ਼ਿਲ੍ਹਿਆਂ ਵਿੱਚ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ। ਗੁਲਾਬੀ ਸੁੰਡੀ ਦੇ ਹਮਲੇ ਨੂੰ ਲੈ ਕੇ ਭਾਵੇਂ ਖੇਤੀਬਾੜੀ ਵਿਭਾਗ ਵੱਲੋਂ ਚੰਡੀਗੜ੍ਹ ਤੋਂ ਟੀਮਾਂ ਨਰਮਾ ਪੱਟੀ ਵਿੱਚ ਸਰਵੇਖਣ ਲਈ ਭੇਜੀਆਂ ਗਈਆਂ ਹਨ ਪਰ ਗੁਲਾਬੀ ਸੁੰਡੀ ਦਾ ਹਮਲੇ ਤੋਂ ਕਿਸਾਨ ਮੁੜ ਚਿੰਤਤ ਦਿਖਾਈ ਦੇ ਰਹੇ ਹਨ।
ਲਗਾਤਾਰ ਘਟਦਾ ਜਾ ਰਿਹਾ ਨਰਮੇ ਦਾ ਰਕਬਾ: ਪੰਜਾਬ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਨਰਮੇ ਦੀ ਫ਼ਸਲ ਹੇਠ ਲਗਾਤਾਰ ਰਕਬਾ ਘਟਦਾ ਜਾ ਰਿਹਾ ਹੈ, ਜਿਸ ਲਈ ਕਿਤੇ ਨਾ ਕਿਤੇ ਕਿਸਾਨਾਂ ਵੱਲੋਂ ਗੁਲਾਬੀ ਸੁੰਡੀ ਨੂੰ ਜਿੰਮੇਵਾਰ ਦੱਸਿਆ ਜਾ ਰਿਹਾ ਹੈ। ਖੇਤੀਬਾੜੀ ਭਾਗ ਵੱਲੋਂ ਇਸ ਸਾਲ ਨਰਮੇ ਹੇਠ 3 ਲੱਖ ਹੈਕਟੇਅਰ ਦਾ ਟੀਚਾ ਰੱਖਿਆ ਗਿਆ ਸੀ ਜੋ ਕਿ ਘਟ ਕੇ 1.75 ਲੱਖ ਹੈਕਟੇਅਰ ਰਹਿ ਗਿਆ ਹੈ। ਸਾਲ 1990 ਵਿੱਚ ਨਰਮੇ ਹੇਠ ਪੰਜਾਬ ਵਿੱਚ ਸੱਤ ਲੱਖ ਹੈਕਟੇਅਰ ਤੋਂ ਵੱਧ ਰਕਬਾ ਸੀ, ਜੋ ਹੌਲੀ-ਹੌਲੀ ਸੁੰਗੜ ਕੇ 2012-13 ਵਿੱਚ 4.81 ਲੱਖ ਹੈਕਟੇਅਰ ਰਕਬਾ ਰਹਿ ਗਿਆ। ਜਿਉਂ-ਜਿਉਂ ਗੁਲਾਬੀ ਸੁੰਡੀ ਦਾ ਕਹਿਰ ਵੱਧਦਾ ਤਿਉਂ-ਤਿਉਂ ਨਰਮੇ ਹੇਠੋਂ ਰਕਬਾ ਘੱਟਦਾ ਹੀ ਚਲਾ ਗਿਆ। ਸਾਲ 2017-18 ਵਿਚ ਇਹ ਰਕਬਾ 2.91 ਲੱਖ ਹੈਕਟੇਅਰ ਰਹਿ ਗਿਆ ਤਾਂ 2018-19 'ਚ ਨਰਮੇ ਹੇਠ ਰਕਬਾ 2.68 ਲੱਖ ਹੈਕਟੇਅਰ ਰਹਿ ਗਿਆ। ਹੋਲੀ-ਹੋਲੀ ਰਕਬਾ ਘੱਟਦਾ ਗਿਆ ਤੇ 2019-20 ਵਿਚ 2.48 ਲੱਖ ਹੈਕਟੇਅਰ ਰਹਿ ਗਿਆ ਅਤੇ ਫਿਰ 2020-21 ਅਤੇ 2021-22 ਵਿਚ ਕ੍ਰਮਵਾਰ 2.52 ਲੱਖ ਹੈਕਟੇਅਰ ਰਹਿ ਗਿਆ।
ਨਰਮੇ ਦੀ ਥਾਂ ਝੋਨੇ ਵੱਲ ਵਧੇ ਕਿਸਾਨ:ਨਰਮੇ ਹੇਠ ਰਕਬਾ ਘਟਣ ਤੋਂ ਬਾਅਦ ਝੋਨੇ ਹੇਠ ਰਕਬਾ ਲਗਾਤਾਰ ਵੱਧਦਾ ਗਿਆ। ਪੂਰੇ ਪੰਜਾਬ ’ਚ ਲੱਗਭਗ 30 ਲੱਖ ਹੈਕਟੇਅਰ ਰਕਬਾ ਝੋਨੇ ਹੇਠ ਹੈ। ਜਿਸ ਕਾਰਨ ਪੰਜਾਬ ਸਰਕਾਰ ਦੀ ਪਾਣੀ ਬਚਾਓ ਮੁਹਿੰਮ ਨੂੰ ਗੁਲਾਬੀ ਸੁੰਡੀ ਨੇ ਬ੍ਰੇਕ ਲਗਾ ਦਿੱਤੀ ਕਿਉਂਕਿ ਕਿਸਾਨ ਗੁਲਾਬੀ ਸੁੰਡੀ ਤੋਂ ਪਰੇਸ਼ਾਨ ਹਨ ਅਤੇ ਉਨ੍ਹਾਂ ਵੱਲੋਂ ਨਰਮੇ ਦੀ ਫਸਲ ਦਾ ਬਦਲ ਲੱਭਦੇ ਹੋਏ ਲਗਾਤਾਰ ਝੋਨੇ ਹੇਠ ਰਕਬਾ ਵਧਾਇਆ ਜਾ ਰਿਹਾ ਹੈ। ਹਰ ਸਾਲ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਬਰਬਾਦ ਹੋ ਰਹੀ ਫ਼ਸਲ ਤੋਂ ਪਰੇਸ਼ਾਨ ਕਿਸਾਨਾਂ ਵੱਲੋਂ ਨਰਮੇ ਦੀ ਫ਼ਸਲ ਦੀ ਥਾਂ ਝੋਨੇ ਦੀ ਫਸਲ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸਦਾ ਇੱਕ ਪ੍ਰਮੁੱਖ ਕਾਰਨ ਇਹ ਵੀ ਹੈ ਕਿ ਲਗਾਤਾਰ ਪਿਛਲੇ 15 ਸਾਲਾਂ ਤੋਂ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਕਾਰਨ ਬਰਬਾਦ ਹੋਣ ਤੋਂ ਬਾਅਦ ਸਰਕਾਰ ਵੱਲੋਂ ਕਿਸਾਨਾਂ ਦੀ ਬਾਂਹ ਨਹੀਂ ਫੜੀ ਗਈ। ਜੇਕਰ ਮੁਆਵਜ਼ੇ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਮਾਤਰ 1 ਰੁਪਏ ਅਤੇ 11 ਰੁਪਏ 18 ਰੁਪਏ ਤੱਕ ਦੇ ਚੈੱਕ ਮੁਆਵਜ਼ੇ ਵਜੋਂ ਦਿੱਤੇ ਗਏ।