ਬਠਿੰਡਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਪੰਜਾਬ ਪੁਲਿਸ ਵਲੋਂ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਥੇ ਜਲੰਧਰ ਪੁਲਿਸ ਇਕ ਮਾਮਲੇ 'ਚ ਲਾਰੈਂਸ ਦਾ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਨ ਲਈ ਪਹੁੰਚ ਸੀ। ਬਠਿੰਡਾ ਅਦਾਲਤ 'ਚ ਪੇਸ਼ ਕਰਨ ਤੋਂ ਪਹਿਲਾਂ ਪੁਲਿਸ ਵਲੋਂ ਬਠਿੰਡਾ ਦੇ ਥਾਣਾ ਕੈਂਟ 'ਚ ਲਾਰੈਂਸ ਬਿਸ਼ਨੋਈ ਦਾ ਮੈਡੀਕਲ ਕਰਵਾਇਆ ਗਿਆ।
ਇਸ ਤੋਂ ਬਾਅਦ ਭਾਰੀ ਸੁਰੱਖਿਆ ਹੇਠ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਵਲੋਂ ਲਾਰੈਂਸ ਨੂੰ ਨਿਆਂਇਕ ਹਿਰਾਸਤ ਲਈ ਬਠਿੰਡਾ ਜੇਲ੍ਹ ਵਿਚ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਇਸ ਮੌਕੇ ਜਲੰਧਰ ਪੁਲਿਸ ਨੂੰ ਲਾਰੈਂਸ ਦਾ ਟ੍ਰਾਜ਼ਿਟ ਰਿਮਾਂਡ ਨਹੀਂ ਹਾਸਲ ਹੋਇਆ। ਉਥੇ ਹੀ ਬਠਿੰਡਾ ਜੇਲ੍ਹ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਹੀ ਉਸ 'ਚ 32 ਦੇ ਕਰੀਬ ਗੈਂਗਸਟਰ ਬੰਦ ਹਨ, ਜਿਨ੍ਹਾਂ 'ਚ ਕਈ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਿਰੋਧੀ ਗੈਂਗ ਦੇ ਵੀ ਬੰਦ ਹਨ। ਅਜਿਹੇ 'ਚ ਲਾਰੈਂਸ ਬਿਸ਼ਨੋਈ ਦੀ ਸੁਰੱਖਿਆ ਨੂੰ ਲੈਕੇ ਪੰਜਾਬ ਪੁਲਿਸ ਲਈ ਵੱਡਾ ਸਵਾਲ ਖੜਾ ਹੋ ਜਾਂਦਾ ਹੈ।
ਇਸ ਮੌਕੇ ਲਾਰੈਂਸ ਬਿਸ਼ਨੋਈ ਦੇ ਵਕੀਲ ਰਘਵੀਰ ਸਿੰਘ ਬੈਨੀਪਾਲ ਦਾ ਕਹਿਣਾ ਕਿ ਪੁਲਿਸ ਥਾਣਾ ਥਰਮਲ 'ਚ ਲਾਰੈਂਸ ਖਿਲਾਫ਼ ਮਾਮਲਾ ਦਰਜ ਸੀ, ਜਿਸ 'ਤੇ ਰਿਮਾਂਡ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਲਾਰੈਂਸ ਨੂੰ ਰਿਮਾਂਡ ਖਤਮ ਹੋਣ 'ਤੇ ਦੁਆਰਾ ਪੇਸ਼ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅੱਗੇ ਡੀਜੀਪੀ ਜੇਲ੍ਹਾਂ ਨੇ ਤੈਅ ਕਰਨਾ ਕਿ ਲਾਰੈਂਸ਼ ਨੂੰ ਬਠਿੰਡਾ ਜੇਲ੍ਹ 'ਚ ਰੱਖਣਾ ਜਾਂ ਕਿਸੇ ਹੋਰ ਜੇਲ੍ਹ 'ਚ ਰੱਖਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸੁਰੱਖਿਆ ਦੇ ਮੱਦੇਨਜ਼ਰ ਮੁੜ ਤੋਂ ਐਪਲੀਕੇਸ਼ਨ ਲਗਾਈ ਹੈ ਕਿ ਲਾਰੈਂਸ ਨੂੰ ਮੁੜ ਤੋਂ ਤਿਹਾੜ ਜੇਲ੍ਹ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਇਕ ਵਾਰ ਬਠਿੰਡਾ ਜੇਲ੍ਹ ਦੇ ਆਰਡਰ ਹੋਏ ਸੀ ਪਰ ਅਸੀਂ ਐਪਲੀਕੇਸ਼ਨ ਲਗਾਈ ਹੈ, ਤੇ ਹੁਣ ਦੇਖਣਾ ਹੋਵੇਗਾ ਕਿ ਲਾਰੈਂਸ ਨੂੰ ਕਿਥੇ ਭੇਜਿਆ ਜਾਂਦਾ ਹੈ।
ਇਸ ਦੇ ਪਹਿਲਾਂ ਬਠਿੰਡਾ 'ਚ ਲਾਰੈਂਸ ਦੀ ਪੇਸ਼ੀ ਨੂੰ ਲੈਕੇ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤੀ ਕੀਤੀ ਗਈ। ਜਿਸ ਦੇ ਤਹਿਤ ਪੁਲਿਸ ਵਲੋਂ ਸੁਰੱਖਿਆ ਦੇ ਚੱਲਦਿਆਂ ਜ਼ਿਲ੍ਹਾ ਅਦਾਲਤ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ।