ਬਠਿੰਡਾ:ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਲਗਾਤਾਰ ਭਗਵੰਤ ਮਾਨ ਸਰਕਾਰ ਵੱਲੋਂ ਲਏ ਜਾ ਰਹੇ ਫੈਸਲਿਆਂ ’ਚੋਂ ਇਕ ਫੈਸਲਾ ਪੰਜਾਬ ਵਿੱਚ ਹੋ ਰਹੀ ਬਿਜਲੀ ਚੋਰੀ ਨੂੰ ਠੱਲ੍ਹ ਪਾਉਣ ਲਈ ਲਿਆ ਗਿਆ ਹੈ ਪਰ ਇਸ ਤੋਂ ਪਹਿਲਾਂ ਬਠਿੰਡਾ ਦੇ ਐਂਟੀ ਪਾਵਰ ਥੈਫਟ ਥਾਣੇ ਵਿੱਚ ਛੇ ਸੌ ਤੋਂ ਵੱਧ ਬਿਜਲੀ ਚੋਰੀ ਦੇ ਕੇਸ ਰਜਿਸਟਰਡ ਕੀਤੇ ਜਾ ਚੁੱਕੇ ਹਨ ਅਤੇ ਬਿਜਲੀ ਚੋਰਾਂ ਤੋਂ ਕਰੋੜਾਂ ਰੁਪਏ ਜ਼ੁਰਮਾਨੇ ਵਜੋਂ ਵਸੂਲ ਕੀਤੇ ਜਾ ਚੁੱਕੇ ਹਨ।
ਸਾਲ 2022 ਵਿੱਚ 600 ਤੋਂ ਉਪਰ ਬਿਜਲੀ ਚੋਰੀ ਦੇ ਕੇਸ ਰਜਿਸਟਰਡ: ਬਠਿੰਡਾ ਦੇ ਥਾਣਾ ਐਂਟੀ ਪਾਵਰ ਥੈਪਟ ਦੇ ਇੰਚਾਰਜ ਨੇਤਰ ਦਾਸ ਨੇ ਦੱਸਿਆ ਕਿ ਸਾਲ 2022 ਵਿੱਚ ਉਨ੍ਹਾਂ ਵੱਲੋਂ ਬਿਜਲੀ ਚੋਰੀ ਦੇ ਕਰੀਬ 600 ਮਾਮਲੇ ਦਰਜ ਕੀਤੇ ਗਏ ਹਨ ਅਤੇ ਇੰਨ੍ਹਾਂ ਬਿਜਲੀ ਚੋਰਾਂ ਕੋਲੋਂ ਹੁਣ ਤੱਕ ਪੌਣੇ ਤਿੰਨ ਕਰੋੜ ਰੁਪਿਆ ਜ਼ੁਰਮਾਨੇ ਵਜੋਂ ਵਸੂਲ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਇਨਫੋਰਸਮੈਂਟ ਵੱਲੋਂ ਬਿਜਲੀ ਚੋਰੀ ਫੜੇ ਜਾਣ ਤੋਂ ਬਾਅਦ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਇਸੇ ਸ਼ਿਕਾਇਤ ਅਧੀਨ ਉਨ੍ਹਾਂ ਵੱਲੋਂ ਬਿਜਲੀ ਚੋਰਾਂ ਖ਼ਿਲਾਫ਼ ਕੇਸ ਰਜਿਸਟਰਡ ਕੀਤਾ ਜਾਂਦਾ ਹੈ ਅਤੇ ਲੋਕ ਅਦਾਲਤ ਰਾਹੀਂ ਇਨ੍ਹਾਂ ਬਿਜਲੀ ਚੋਰਾਂ ਤੋਂ ਜ਼ੁਰਮਾਨੇ ਵਜੋਂ ਰਕਮ ਵਸੂਲੀ ਜਾਂਦੀ ਹੈ।
ਐਂਟੀਪਾਵਰ ਥੈਫਟ ਬਠਿੰਡਾ ਅਧੀਨ ਆਉਂਦੇ ਨੇ ਛੇ ਜ਼ਿਲ੍ਹੇ 88 ਸਬ ਡਿਵੀਜ਼ਨਾਂ: ਬਠਿੰਡਾ ਐਂਟੀ ਪਾਵਰ ਥੈਫਟ ਥਾਣੇ ਅਧੀਨ ਛੇ ਜ਼ਿਲ੍ਹੇ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਫ਼ਿਰੋਜ਼ਪੁਰ, ਮਾਨਸਾ ਅਤੇ ਫ਼ਾਜ਼ਿਲਕਾ ਅਧੀਨ ਆਉਂਦੀਆਂ ਅਠਾਸੀ ਸਬ ਡਿਵੀਜ਼ਨਾਂ ਵਿੱਚ ਜੇਕਰ ਕੋਈ ਵੀ ਵਿਅਕਤੀ ਬਿਜਲੀ ਚੋਰੀ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਨ੍ਹਾਂ ਵੱਲੋਂ ਇਕਵੰਜਾ ਲੱਖ ਰੁਪਏ ਇੱਕੀ ਲੱਖ ਅਤੇ ਉਨੀ ਲੱਖ ਰੁਪਏ ਦੀ ਬਿਜਲੀ ਚੋਰੀ ਫੜੀ ਗਈ ਹੈ ਜਿਸ ਸਬੰਧੀ ਥਾਣਾ ਐਂਟੀ ਪਾਵਰ ਥੈਫਟ ਵਿਖੇ ਕੇਸ ਰਜਿਸਟਰਡ ਕੀਤਾ ਗਿਆ।