ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਬਠਿੰਡਾ: ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਆਰਥਿਕ ਪੱਖੋਂ ਤੇ ਸਮਾਜਿਕ ਪੱਖੋਂ ਸੱਟ ਮਾਰੀ। ਜਿਸ 'ਚ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਦੀ ਇਹ ਬਿਮਾਰੀ ਚੀਨ ਤੋਂ ਸ਼ੁਰੂ ਹੋਈ ਸੀ, ਜੋ ਹੌਲੀ-ਹੌਲੀ ਕਰਕੇ ਪੂਰੀ ਦੁਨੀਆ 'ਚ ਫੈਲ ਗਈ। ਇਸ ਤਰ੍ਹਾਂ ਹੀ ਕਰੋਨਾ ਤੋਂ ਬਾਅਦ ਇਕ ਵਾਰ ਫਿਰ ਚੀਨ ਦੇ ਵਿੱਚ ਇੱਕ ਰਹੱਸਮਈ ਬਿਮਾਰੀ ਤੇਜ਼ੀ ਨਾਲ ਫੈਲੀ ਰਹੀ ਦੱਸੀ ਜਾ ਰਹੀ ਹੈ। ਜਿਸ ਕਾਰਨ ਚੀਨ ਵਿੱਚ ਰਹਿਣ ਵਾਲੇ ਲੋਕਾਂ ਨੂੰ ਫੇਫੜਿਆਂ ਵਿੱਚ ਜਲਣ ਅਤੇ ਤੇਜ਼ ਬੁਖਾਰ ਦੀ ਸਮੱਸਿਆ ਆ ਰਹੀ ਹੈ ਅਤੇ ਲਗਾਤਾਰ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।
ਕੇਂਦਰ ਵਲੋਂ ਸੂਬਿਆਂ ਨੂੰ ਹਦਾਇਤਾਂ ਜਾਰੀ:ਇਸ ਤੋਂ ਪਹਿਲਾਂ ਚੀਨ ਤੋਂ ਹੀ ਕੋਰੋਨਾ ਵਾਇਰਸ ਦੀ ਬਿਮਾਰੀ ਪੂਰੀ ਦੁਨੀਆਂ ਵਿੱਚ ਤੇਜ਼ੀ ਨਾਲ ਫੈਲੀ ਸੀ। ਹੁਣ ਇਸ ਰਹੱਸਮਈ ਬਿਮਾਰੀ ਦੇ ਫੈਲਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਸੂਬਿਆਂ ਦੇ ਸਿਹਤ ਵਿਭਾਗਾਂ ਨੂੰ ਅਪਡੇਟ ਰਹਿਣ ਦੇ ਨਾਲ-ਨਾਲ ਸੂਬਾ ਸਰਕਾਰਾਂ ਨੂੰ ਪੁਖਤਾ ਪ੍ਰਬੰਧ ਕਰਨ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ ਪਰ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਐਡਵਾਈਜ਼ਰੀ ਨੂੰ ਲੈ ਕੇ ਸਿਹਤ ਵਿਭਾਗ ਨੂੰ ਕਿਸੇ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ, ਜਿਸ ਕਾਰਨ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ।
ਸਰਦੀਆਂ ਦੇ ਮੌਸਮ 'ਚ ਫੈਲਦੀ ਇਨਫੈਕਸ਼ਨ: ਇਸ ਸਬੰਧੀ ਬਠਿੰਡਾ ਸਿਵਲ ਹਸਪਤਾਲ ਵਿੱਚ ਤੈਰਾਤ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਤੀਸ਼ ਜਿੰਦਲ ਦਾ ਕਹਿਣਾ ਹੈ ਕਿ ਵਿਸ਼ੜ ਵਿੱਚ ਜਦੋਂ ਵੀ ਅਜਿਹੀ ਕੋਈ ਇਨਫੈਕਸ਼ਨ ਫੈਲਦੀ ਹੈ ਤਾਂ ਉਹਨਾਂ ਵੱਲੋਂ ਆਪਣੇ 15-20 ਸਾਲ ਦੇ ਤਜ਼ਰਬੇ ਤੋਂ ਬਾਅਦ ਇਸ ਇਨਫੈਕਸ਼ਨ ਨੂੰ ਘੋਖਦੇ ਹੋਏ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਅਕਸਰ ਸਰਦੀਆਂ ਦੇ ਮੌਸਮ ਵਿੱਚ ਹੀ ਅਜਿਹੀ ਇਨਫੈਕਸ਼ਨ ਤੇਜ਼ੀ ਨਾਲ ਫੈਲਦੀ ਹੈ, ਇਸ ਤੋਂ ਪਹਿਲਾਂ ਸਵਾਈਨ ਫਲੂ, ਸਾਰਸ ਅਤੇ ਕੋਰੋਨਾ ਵਾਇਰਸ ਵੀ ਇਸੇ ਮੌਸਮ ਵਿੱਚ ਫੈਲਿਆ ਸੀ।
ਸਿਹਤ ਵਿਭਾਗ ਦੇ ਮੁਲਾਜ਼ਮ ਪਹਿਲਾਂ ਹੀ ਸੁਚੇਤ: ਉਨ੍ਹਾਂ ਕਿਹਾ ਕਿ ਚੀਨ ਵਿੱਚ ਫੈਲੀ ਰਹੱਸਮਈ ਇਨਫੈਕਸ਼ਨ ਸਬੰਧੀ ਭਾਵੇਂ ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਹਾਲੇ ਤੱਕ ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ ਪਰ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਆਪਣੇ ਸਟਾਫ ਨੂੰ ਪਹਿਲਾਂ ਹੀ ਸੁਚੇਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਾਸ ਤਰ੍ਹਾਂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਣ 'ਤੇ ਸਿਹਤ ਵਿਭਾਗ ਵੱਲੋਂ ਬਕਾਇਦਾ ਇਸ ਸਬੰਧੀ ਪ੍ਰਬੰਧ ਕੀਤੇ ਗਏ ਹਨ, ਜਿਸ ਤਰ੍ਹਾਂ ਆਕਸੀਜਨ, ਐਕਸ-ਰੇ ਵਾਰਡ ਅਤੇ ਐਮਰਜੈਂਸੀ ਪ੍ਰਬੰਧ ਅਗੇਤੇ ਹੀ ਉਹਨਾਂ ਵੱਲੋਂ ਕੀਤੇ ਜਾਂਦੇ ਹਨ।
ਇਨਫੈਕਸ਼ਨ ਨੂੰ ਲੈਕੇ ਲੋਕ ਵਰਤਣ ਸਾਵਧਾਨੀ:ਸੀਨੀਅਰ ਮੈਡੀਕਲ ਅਫਸਰ ਡਾਕਟਰ ਸਤੀਸ਼ ਜਿੰਦਲ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਸਮੇਂ ਦਾ ਤਜ਼ਰਬਾ ਉਨਾਂ ਨੂੰ ਲਗਾਤਾਰ ਕੰਮ ਦੇ ਰਿਹਾ ਹੈ। ਉਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਖਾਂਸੀ, ਸਾਂਹ ਚੜਨ ਅਤੇ ਕਮਜ਼ੋਰੀ ਵਰਗੇ ਸਰੀਰ ਵਿੱਚ ਲੱਛਣ ਦਿਖਣ ਤੋਂ ਬਾਅਦ ਤੁਰੰਤ ਡਾਕਟਰ ਨਾਲ ਸੰਪਰਕ ਕਰਨ ਅਤੇ ਸਮੇਂ ਸਿਰ ਚੈੱਕ ਅਪ ਕਰਵਾ ਕੇ ਇਸ ਦਾ ਸਮੇਂ ਸਿਰ ਇਲਾਜ ਕਰਵਾਇਆ ਜਾਵੇ ਤਾਂ ਜੋ ਬਿਮਾਰੀ ਨੂੰ ਘਾਤਕ ਹੋਣ ਤੋਂ ਪਹਿਲਾਂ ਹੀ ਖਤਮ ਕੀਤਾ ਜਾ ਸਕੇ।