ਆਈ ਫਲੂ ਤੋਂ ਬਚਣ ਲਈ ਸਕੂਲ ਅਲਰਟ ਬਠਿੰਡਾ: ਪੰਜਾਬ ਵਿੱਚ ਆਈ ਫਲੂ ਦਾ ਪ੍ਰਕੋਪ ਜਾਰੀ ਹੈ। ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੀ ਅਲਰਟ ਹੋ ਗਿਆ ਹੈ। ਇਸ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਬਿਮਾਰੀ ਦੇ ਪ੍ਰਕੋਪ ਨੂੰ ਵੇਖਦੇ ਹੋਏ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਬਿਮਾਰੀ ਦਾ ਵਿਦਿਆਰਥੀਆਂ ’ਤੇ ਜ਼ਿਆਦਾ ਅਸਰ ਪੈ ਸਕਦਾ ਹੈ। ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਕੀ ਉਪਰਾਲੇ ਕੀਤੇ ਗਏ ਹਨ, ਇਹ ਜਾਣਨ ਲਈ ਈਟੀਵੀ ਭਾਰਤ ਨੇ ਕੁਝ ਸਕੂਲਾਂ ਦਾ ਦੌਰਾ ਕੀਤਾ। ਹਾਲਾਂਕਿ ਇਸ ਬਿਮਾਰੀ ਕਾਰਣ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟੀ ਵੀ ਹੈ।
ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਇਸ ਬਿਮਾਰੀ ਦੀ ਲਪੇਟ ਵਿੱਚ ਨਾ ਆਉਣ, ਇਸ ਵਾਸਤੇ ਖ਼ਾਸ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਜੇ ਕਿਸੇ ਵਿਦਿਆਰਥੀ ਵਿੱਚ ਇਸਦੇ ਲੱਛਣ ਵੇਖੇ ਜਾ ਰਹੇ ਹਨ ਤਾਂ ਉਸਨੂੰ ਘਰ ਭੇਜਿਆ ਜਾ ਰਿਹਾ ਹੈ, ਤਾਂ ਕਿ ਬਾਕੀ ਵਿਦਿਆਰਥੀ ਉਸਦੇ ਸੰਪਰਕ ਵਿੱਚ ਨਾ ਆਉਣ।
ਸਰਕਾਰੀ ਆਦਰਸ਼ ਸਕੂਲ ਦੀ ਪ੍ਰਿੰਸੀਪਲ ਜਸਨੀਤ ਕੌਰ ਨੇ ਦੱਸਿਆ ਕਿ ਆਈ ਫਲੂ ਨਾਮਕ ਬਿਮਾਰੀ ਫੈਲਣ ਤੋਂ ਬਾਅਦ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ ਅਤੇ ਹਰ ਕਲਾਸ ਵਿਚੋਂ ਪੰਜ ਛੇ ਬੱਚੇ ਗੈਰਹਾਜ਼ਰ ਹੋ ਰਹੇ ਹਨ।
ਆਈ ਫਲੂ ਤੋਂ ਬਚਣ ਲਈ ਸਕੂਲ ਅਲਰਟ ਸਕੂਲਾਂ ਵਿੱਚ ਡਾਕਟਰ ਦੇ ਰਹੇ ਹਨ ਜਾਣਕਾਰੀ:ਸਿਹਤ ਵਿਭਾਗ ਵੱਲੋਂ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਪ੍ਰਿੰ. ਜਸਨੀਤ ਕੌਰ ਅਨੁਸਾਰ ਸਿਹਤ ਵਿਭਾਗ ਦੇ ਡਾਕਟਰ ਉਨ੍ਹਾਂ ਦੇ ਸਕੂਲ ਵਿੱਚ ਆ ਕੇ ਫਲੂ ਤੋਂ ਬਚਣ ਬਾਰੇ ਜਾਣਕਾਰੀ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਪ੍ਰਹੇਜ਼ ਰੱਖਿਆ ਜਾਵੇ ਤਾਂ ਕਿ ਇਸ ਬਿਮਾਰੀ ਤੋਂ ਬਚਿਆ ਜਾ ਸਕੇ।
ਇਹ ਕੀਤੇ ਗਏ ਪ੍ਰਬੰਧ: ਜਿਹੜੇ ਵੀ ਵਿਦਿਆਰਥੀ ਵਿੱਚ ਇਸ ਬਿਮਾਰੀ ਦੇ ਲੱਛਣ ਪਾਏ ਜਾਂਦੇ ਹਨ ਉਸ ਨੂੰ ਸਕੂਲ ਆਉਣ ਤੋਂ ਗੁਰੇਜ਼ ਕਰਨ ਲਈ ਕਿਹਾ ਜਾ ਰਿਹਾ ਹੈ। ਇਸਦੇ ਨਾਲ ਹੀ ਸਕੂਲ ਵਿੱਚ ਸੈਨੇਟਾਈਜ਼ਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤਾਂ ਕਿ ਬਿਮਾਰੀ ਇਕ ਬੱਚੇ ਤੋਂ ਦੂਜੇ ਬੱਚੇ ਤੱਕ ਨਾ ਫੈਲੇ।
ਆਈ ਫਲੂ ਤੋਂ ਬਚਣ ਲਈ ਸਕੂਲ ਅਲਰਟ ਡਾਕਟਰਾਂ ਦੀ ਸਲਾਹ: ਸਿਹਤ ਵਿਭਾਗ ਵਿੱਚ ਤਾਇਨਾਤ ਡਾਕਟਰ ਊਸ਼ਾ ਗੋਇਲ ਅਨੁਸਾਰ- ਬਰਸਾਤ ਦੇ ਦਿਨਾਂ ਵਿੱਚ ਆਈ ਫਲੂ ਬਿਮਾਰੀ ਬਹੁਤ ਤੇਜ਼ੀ ਨਾਲ ਫੈਲਦੀ ਹੈ। ਉਨ੍ਹਾਂ ਕਿਹਾ ਕਿ ਵਾਇਰਸ ਜਾ ਬੈਕਟੀਰੀਆ ਦੇ ਕਾਰਨ ਆਈ ਫਲੂ ਹੁੰਦਾ ਹੈ। ਇਸ ਬਿਮਾਰੀ ਦੇ ਮੁੱਖ ਲੱਛਣ ਅੱਖਾਂ ਵਿੱਚ ਲਾਲੀ ਜਾਂ ਪੀਲਾਪਣ, ਖੁਜ਼ਲੀ, ਅੱਖਾਂ ਵਿੱਚੋਂ ਪਾਣੀ ਆਉਣਾ, ਅੱਖਾਂ ਵਿੱਚ ਗਿੱਡ, ਚਿਪਕੀਆਂ ਅੱਖਾਂ, ਆਈਲਿਡ 'ਤੇ ਸੋਜ਼ਿਸ਼, ਤੇਜ਼ ਰੋਸ਼ਨੀ ਬਰਦਾਸ਼ਤ ਨਾ ਕਰਨਾ ਹਨ। ਅਜਿਹੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਇਹ ਰੱਖੋ ਸਾਵਧਾਨੀਆਂ: ਸਿਹਤ ਵਿਭਾਗ ਦੀ ਐਡਵਾਈਜ਼ਰੀ ਅਨੁਸਾਰ ਡਾਕਟਰੀ ਸਲਾਹ ਦੇ ਨਾਲ-ਨਾਲ ਇਸ ਬਿਮਾਰੀ ਤੋਂ ਬਚਣ ਲਈ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦਾਆਂ ਹਨ ਜਿਵੇਂ- ਗੰਦੇ ਹੱਥਾਂ ਨਾਲ ਅੱਖਾਂ ਨੂੰ ਨਾ ਛੂਹੋ, ਵਾਰ-ਵਾਰ ਹੱਥਾਂ ਨੂੰ ਸਾਬਨ ਅਤੇ ਪਾਣੀ ਨਾਲ ਧੋਵੋ ਜਾਂ ਸੈਨੇਟਾਈਜ਼ਰ ਵਰਤੋਂ। ਲਾਗ ਵਾਲੇ ਵਿਅਕਤੀ ਦਾ ਤੌਲ਼ੀਆ, ਰੁਮਾਲ ਜਾਂ ਹੋਰ ਕੱਪੜੇ ਸਾਂਝੇ ਨਾ ਕਰੋ, ਦੂਜਿਆ ਦੇ ਸਿੱਧੇ ਸੰਪਰਕ ਵਿੱਚ ਨਾ ਆਵੋ। ਧੁੱਪ ਜਾਂ ਮਿੱਟੀ ਤੋਂ ਬਚਣ ਲਈ ਚਸ਼ਮੇ ਦੀ ਵਰਤੋਂ ਕਰੋ। ਅੱਖਾਂ ਨੂੰ ਸਾਫ਼ ਕਰਨ ਲਈ ਉਬਾਲ ਕੇ ਠੰਡਾ ਕੀਤੇ ਗਏ ਪਾਣੀ ਦੀ ਵਰਤੋਂ ਕਰੋ। ਆਲੇ-ਦੁਆਲੇ ਦੀ ਸਫ਼ਾਈ ਰੱਖੋ, ਭੀੜ ਵਾਲੀਆਂ ਥਾਵਾਂ ਅਤੇ ਸਵਿੰਮਿੰਗ ਪੂਲ ਤੇ ਜਾਣ ਤੋਂ ਪ੍ਰਹੇਜ਼ ਕਰੋ।
ਪੁਰਾਣੇ ਆਈ ਡਰਾਪਸ ਨਾ ਵਰਤੋ:ਜੇਕਰ ਆਈ ਫਲੂ ਹੋ ਜਾਂਦਾ ਹੈ ਤਾਂ ਅੱਖਾਂ ਨੂੰ ਸਾਫ਼ ਕਰਨ ਲਈ ਆਈ ਵਾਈਪਸ ਦੀ ਵਰਤੋਂ ਕਰੋ। ਅੱਖਾਂ ਨੂੰ ਨਾ ਰਗੜੋ, ਕਾਂਟੈਕਟ ਲੈਂਜ਼ ਦੀ ਵਰਤੋਂ ਨਾ ਕਰੋ, ਘਰੇਲੂ ਨੁਸਖੇ਼ ਜਾਂ ਘਰੇਲੂ ਉਪਚਾਰ ਦੀ ਵਰਤੋਂ ਨਾ ਕਰੋ, ਘਰ ਵਿੱਚ ਪਹਿਲਾਂ ਤੋਂ ਪਏ ਹੋਏ ਆਈ ਡਰਾਪਸ ਦੀ ਵਰਤੋਂ ਨਾ ਕਰੋ। ਡਾ. ਊਸ਼ਾ ਗੋਇਲ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਜਿਨ੍ਹਾਂ ਬੱਚਿਆਂ ਵਿੱਚ ਇਸ ਬਿਮਾਰੀ ਦੇ ਲੱਛਣ ਦਿਸਣ, ਉਨ੍ਹਾਂ ਨੂੰ ਸਕੂਲ ਨਾ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਅਤੇ ਬੱਚਿਆਂ ਵੱਲ ਖਾਸ ਧਿਆਨ ਦਿੱਤਾ ਜਾਵੇ। ਆਈ ਫ਼ਲੂ ਇਕ ਦੂਜੇ ਦੀਆਂ ਅੱਖਾਂ ਵਿੱਚ ਦੇਖਣ ਨਾਲ ਨਹੀਂ ਹੁੰਦਾ, ਆਈ ਫ਼ਲੂ ਸਬੰਧੀ ਸਿਹਤ ਵਿਭਾਗ ਵਲੋਂ ਲਗਾਤਾਰ ਸਕੂਲਾਂ ਵਿੱਚ ਜਾ ਕੇ ਪ੍ਰਿੰਸੀਪਲ ਵਿਦਿਆਰਥੀਆਂ ਅਤੇ ਅਧਿਆਪਕਾਂ ਜਾਣਕਾਰੀ ਦੇ ਨਾਲ-ਨਾਲ ਸਖ਼ਤ ਹਿਦਾਹਿਤਾਂ ਵੀ ਦਿੱਤੀਆਂ ਜਾ ਰਹੀਆਂ ਹਨ।