ਕਿਸਾਨ ਆਪਣੀਆਂ ਸਮੱਸਿਆਵਾਂ ਬਾਰੇ ਦੱਸਦੇ ਹੋਏ ਬਠਿੰਡਾ:ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਹੈ ਪਰ ਹੁਣ ਪੰਜਾਬੀਆਂ ਲਈ ਖੇਤੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਕਿਉਂਕਿ ਗੁਲਾਬੀ ਸੁੰਡੀ ਦੇ ਹਮਲੇ ਨੇ ਪੰਜਾਬ ਦੀਆਂ ਫਸਲਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਭਾਵੇਂ ਖੇਤੀਬਾੜੀ ਵਿਭਾਗ ਵੱਲੋਂ ਗੁਲਾਬੀ ਸੁੰਡੀ ਨੂੰ ਖਤਮ ਕਰਨ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਖੇਤੀਬਾੜੀ ਯੂਨੀਵਰਸਿਟੀ ਰਾਹੀਂ ਕੀਟਨਾਸ਼ਕ ਦੀ ਵਰਤੋਂ ਕਰਨ ਦੀ ਕਿਸਾਨਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਗੁਲਾਬੀ ਸੁੰਡੀ ਦਾ ਹਮਲਾ ਹੁਣ ਨਰਮੇ ਤੋਂ ਬਾਅਦ ਕਣਕ ਦੀ ਫਸਲ 'ਤੇ ਪੈਣ ਕਾਰਨ ਕਣਕ ਦੀ 60 ਪ੍ਰਤੀਸ਼ਤ ਫਸਲ ਗੁਲਾਬੀ ਸੁੰਡੀ ਨੇ ਬਰਬਾਦ ਕਰ ਦਿੱਤੀ ਹੈ। ਜਿਸ ਲਈ ਕਿਸਾਨਾਂ ਵੱਲੋਂ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਨੂੰ ਜਿੰਮੇਵਾਰ ਦੱਸਿਆ ਜਾ ਰਿਹਾ ਹੈ।
ਨਰਮੇ ਤੋਂ ਬਾਅਦ ਕਣਕ ਨੂੰ ਗੁਲਾਬੀ ਸੁੰਡੀ: ਗੁਲਾਬੀ ਸੁੰਡੀ ਦੇ ਹਮਲੇ ਨੇ ਪਹਿਲਾਂ ਨਰਮਾ ਪੱਟੀ ਨੂੰ ਬਰਬਾਦ ਕੀਤਾ ਅਤੇ ਨਰਮੇ ਦੀ ਫਸਲ ਤੋਂ ਕਿਸਾਨਾਂ ਵੱਲੋਂ ਮੁੱਖ ਮੋੜ ਲਿਆ ਗਿਆ ਅਤੇ ਉਨਾਂ ਵੱਲੋਂ ਮੁੜ ਝੋਨੇ ਦੀ ਫਸਲ ਦੀ ਪੈਦਾਵਾਰ ਸ਼ੁਰੂ ਕਰ ਦਿੱਤੀ ਗਈ। ਨਰਮੇ ਦੀ ਫਸਲ 'ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਹੁਣ ਗੁਲਾਬੀ ਸੁੰਡੀ ਦਾ ਹਮਲਾ ਕਣਕ ਦੀ ਫਸਲ 'ਤੇ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਵੱਲੋਂ ਕਣਕ ਦੀ ਫਸਲ 'ਤੇ ਗੁਲਾਬੀ ਸੁੰਡੀ ਦੇ ਹਮਲੇ ਦਾ ਮੁੱਖ ਕਾਰਨ ਪਰਾਲੀ ਵਿੱਚ ਕੀਤੀ ਗਈ ਬਜਾਈ ਨੂੰ ਦੱਸਿਆ ਜਾ ਰਿਹਾ ਹੈ।
ਗੁਲਾਬੀ ਸੁੰਡੀ ਨੇ ਬਰਬਾਦ ਕੀਤੀ ਪੰਜਾਬ ਦੀ ਖੇਤੀ ਕਿਸਾਨ ਪਰਾਲੀ ਨੂੰ ਦੱਸ ਰਹੇ ਸੁੰਡੀ ਪੈਣ ਦਾ ਕਾਰਨ: ਬਠਿੰਡਾ ਦੇ ਪਿੰਡ ਦਿਉਣ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਪਿੰਡ-ਪਿੰਡ ਫਿਰਕੇ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਜ਼ਰੂਰ ਕੀਤਾ ਗਿਆ ਪਰ ਇਸ ਦੇ ਨਾਲ ਹੀ ਫਸਲ ਦੀ ਰਾਖੀ ਲਈ ਵੱਡੇ ਪੱਧਰ 'ਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਲਈ ਵੀ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਜਿੰਨਾਂ ਕਿਸਾਨਾਂ ਵੱਲੋਂ ਪਰਾਲੀ ਵਾਹ ਕੇ ਕਣਕ ਦੀ ਬਜਾਈ ਕੀਤੀ ਗਈ ਸੀ, ਗੁਲਾਬੀ ਸੁੰਡੀ ਦਾ ਹਮਲਾ ਸਭ ਤੋਂ ਵੱਧ ਉਹਨਾਂ ਦੇ ਖੇਤਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।
ਖੇਤੀਬਾੜੀ ਵਿਭਾਗ ਦੇ ਸਾਥ ਨਾ ਦੇਣ ਦੀ ਆਖੀ ਗੱਲ: ਕਿਸਾਨਾਂ ਨੇ ਦੱਸਿਆ ਕਿ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਣਕ ਦੀ ਫਸਲ ਪੁੰਗਰਨ ਦੇ ਨਾਲ ਹੀ ਖਤਮ ਹੋ ਜਾਂਦੀ ਹੈ ਕਿਉਂਕਿ ਕਿਤੇ ਨਾ ਕਿਤੇ ਝੋਨੇ ਦੀ ਪਰਾਲੀ ਵਿੱਚ ਗੁਲਾਬੀ ਸੁੰਡੀ ਦੇ ਆਂਡੇ ਰਹਿ ਜਾਂਦੇ ਹਨ ਤੇ ਜਦੋਂ ਕਿਸਾਨਾਂ ਵੱਲੋਂ ਪਰਾਲੀ ਨੂੰ ਵਾਹ ਕੇ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਤਾਂ ਇਹਨਾਂ ਅੰਡਿਆਂ ਵਿੱਚੋਂ ਨਿਕਲੀ ਗੁਲਾਬੀ ਸੁੰਡੀ ਵੱਲੋਂ ਕਣਕ ਦੀ ਫਸਲ ਨੂੰ ਬਰਬਾਦ ਕਰ ਦਿੱਤਾ ਜਾਂਦਾ ਹੈ। ਦੂਸਰਾ ਮੌਸਮ ਵੀ ਗੁਲਾਬੀ ਸੁੰਡੀ ਦੇ ਅਨੁਕੂਲ ਹੈ ਕਿਉਂਕਿ ਜਿਉਂ ਜਿਉਂ ਮੌਸਮ ਵਿੱਚ ਤਪਸ਼ ਵਧੀ ਜਾਵੇਗੀ, ਗੁਲਾਬੀ ਸੁੰਡੀ ਦਾ ਹਮਲਾ ਵੱਧਦਾ ਜਾਵੇਗਾ ਅਤੇ ਜਿਉਂ ਜਿਉਂ ਠੰਡ ਵੱਧਦੀ ਜਾਵੇਗੀ ਗੁਲਾਬੀ ਸੁੰਡੀ ਦਾ ਪ੍ਰਕੋਪ ਘੱਟਦਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਠੰਡ ਪੈਣ ਨਾਲ ਜਦੋਂ ਗੁਲਾਬੀ ਸੁੰਡੀ ਦਾ ਪ੍ਰਕੋਪ ਘੱਟੇਗਾ ਤਾਂ ਉਦੋਂ ਤੱਕ ਕਿਸਾਨਾਂ ਦੀ ਕਣਕ ਦੀ ਫਸਲ ਬਿਲਕੁਲ ਬਰਬਾਦ ਹੋ ਜਾਵੇਗੀ। ਹੁਣ ਕਿਸਾਨਾਂ ਕੋਲੋਂ ਨਾ ਤਾਂ ਮੁੜ ਕਣਕ ਬੀਜਣ ਦਾ ਸਮਾਂ ਬਚਿਆ ਹੈ ਅਤੇ ਨਾ ਹੀ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੀ ਗੱਲ ਸੁਣੀ ਜਾ ਰਹੀ ਹੈ।
ਸਰਕਾਰ ਦੇ ਕਹਿਣ 'ਤੇ ਕਿਸਾਨਾਂ ਨੇ ਬਿਨਾਂ ਅੱਗ ਲਾਏ ਹੈਪੀਸੀਡਰ ਨਾਲ ਕਣਕ ਬੀਜੀ ਪਰ ਅੱਜ ਹਾਲ ਇਹ ਹੋਇਆ ਪਿਆ ਕਿ ਖੇਤ 'ਚ ਗੁਲਾਬੀ ਸੁੰਡੀ ਨੇ ਕਣਕ ਹੀ ਨਹੀਂ ਹੋਣ ਦਿੱਤੀ। ਜਦੋਂ ਸਰਕਾਰਾਂ ਕਿਸਾਨਾਂ ਨੂੰ ਮਾਰਨ 'ਤੇ ਆ ਗਈਆਂ ਤਾਂ ਕਿਵੇਂ ਬਚਾਅ ਹੋ ਜਾਵੇਗਾ। ਪੁਰੇ ਦੇਸ਼ 'ਚ ਰਾਵਣ ਫੂਕੇ 'ਤੇ ਪ੍ਰਦੂਸ਼ਣ ਨਹੀਂ ਹੋਇਆ ਪਰ ਸਾਡੇ 3 ਪ੍ਰਤੀਸ਼ਤ ਧੂੰਏ ਨਾਲ ਪ੍ਰਦੂਸ਼ਣ ਹੋ ਗਿਆ।- ਮੱਖਣ ਸਿੰਘ, ਕਿਸਾਨ
ਖੇਤੀਬਾੜੀ ਅਧਿਕਾਰੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ 60 ਪ੍ਰਤੀਸ਼ਤ ਫਸਲ ਬਰਬਾਦ ਹੋਣ ਦੀ ਆਖੀ ਗੱਲ: ਇਸ ਦੇ ਨਾਲ ਹੀ ਦੂਜੇ ਪਾਸੇ ਜਿਨ੍ਹਾਂ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾ ਕੇ ਕਣਕ ਬੀਜੀ ਗਈ ਸੀ, ਉਹਨਾਂ ਦੀ ਕਣਕ 'ਤੇ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਨਹੀਂ ਮਿਲ ਰਿਹਾ। ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਗੁਲਾਬੀ ਸੁੰਡੀ ਦੇ ਅੰਡੇ ਖਤਮ ਹੋ ਜਾਂਦੇ ਹਨ ਅਤੇ ਕਣਕ ਦੀ ਫਸਲ 'ਤੇ ਕਿਸੇ ਤਰ੍ਹ ਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਇਸ ਵਾਰ ਪ੍ਰਦੂਸ਼ਣ ਨੂੰ ਰੋਕਣ ਲਈ ਕਿਸਾਨਾਂ ਵੱਲੋਂ ਪਰਾਲੀ ਵਿੱਚ ਸਿੱਧੀ ਬਜਾਈ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਕਣਕ ਦੀ 60 ਪ੍ਰਤੀਸ਼ਤ ਫਸਲ ਬਰਬਾਦ ਹੋ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਕਿ ਕਿਸਾਨਾਂ ਦੀ ਖੇਤੀਬਾੜੀ ਵਿਭਾਗ ਵੱਲੋਂ ਵੀ ਕੋਈ ਸਾਰ ਨਹੀਂ ਲਈ ਜਾ ਰਹੀ, ਜਿਸ ਕਾਰਨ ਕਿਸਾਨ ਨਿਰਾਸ ਨਜ਼ਰ ਆ ਰਹੇ ਹਨ ਤੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਉਨ੍ਹਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਤੋਂ ਇਲਾਵਾ ਹੋਰ ਕੋਈ ਹੱਲ ਨਜ਼ਰ ਨਹੀਂ ਆਉਂਦਾ।
ਖੇਤੀਬਾੜੀ ਵਿਭਾਗ ਵੱਲੋਂ ਕੈਂਪ ਲਗਾ ਕੇ ਕਿਸਾਨਾਂ ਨੂੰ ਕਰ ਰਿਹਾ ਜਾਗਰੂਕ: ਉਧਰ ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਸਨ ਸਿੰਘ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਕਣਕ ਦੀ ਫਸਲ 'ਤੇ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਜ਼ਰੂਰ ਮਿਲ ਰਿਹਾ ਹੈ। ਖੇਤੀਬਾੜੀ ਵਿਭਾਗ ਵੱਲੋਂ ਕੈਂਪ ਲਗਾ ਕੇ ਕਿਸਾਨਾਂ ਨੂੰ ਇਸ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਨਜ਼ੂਰਸ਼ੁਦਾ ਕੀਟਨਾਸ਼ਕਾਂ ਸਬੰਧੀ ਜਾਣੂ ਕਰਵਾਇਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਜਿਉਂ ਜਿਉਂ ਠੰਡ ਦਾ ਪ੍ਰਕੋਪ ਵਧੇਗਾ, ਤਿਉਂ ਤਿਉਂ ਗੁਲਾਬੀ ਸੁੰਡੀ ਦੇ ਹਮਲੇ ਦਾ ਅਸਰ ਘੱਟਦਾ ਜਾਵੇਗਾ ਅਤੇ ਹੌਲੀ ਹੌਲੀ ਆਪਣੇ ਆਪ ਹੀ ਗੁਲਾਬੀ ਸੁੰਡੀ ਖਤਮ ਹੋ ਜਾਵੇਗੀ।