ਰਿਸ਼ਵਤਖੋਰੀ 'ਚ SMO ਖਿਲਾਫ਼ ਕਾਰਵਾਈ ਨਾ ਹੋਣ 'ਤੇ ਸਿਵਲ ਸਰਜਨ ਵਿਰੁੱਧ ਡਟੀ ਐਕਸ਼ਨ ਕਮੇਟੀ ਬਠਿੰਡਾ: ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਉਥੇ ਦੂਸਰੇ ਪਾਸੇ ਸਿਵਲ ਹਸਪਤਾਲ ਤਲਵੰਡੀ ਸਾਬੋ ਵਿੱਚ ਤੈਨਾਤ ਐੱਸ ਐਮ ਤੇ ਲੱਗੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਾਰਵਾਈ ਨਾ ਹੋਣ ਕਾਰਨ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਕਮੇਟੀ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਈ ਹੈ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਤਿੰਨ ਮਹੀਨੇ ਤੋਂ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ 'ਚ ਉਨ੍ਹਾਂ ਵਲੋਂ ਹੁਣ ਤੱਕ ਤਿੰਨ ਧਰਨੇ ਲਗਾਏ ਜਾ ਚੁੱਕੇ ਹਨ।
ਰਿਸ਼ਵਤਖੋਰੀ ਖਿਲਾਫ਼ ਕਾਰਵਾਈ ਨਾ ਕਰਨ ਦਾ ਰੋਸ: ਇਸ ਦੇ ਚੱਲਦੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਸਿਵਲ ਹਸਪਤਾਲ ਬਠਿੰਡਾ ਵਿਖੇ ਐਸਐਮਓ ਤਲਵੰਡੀ ਸਾਬੋ ਵੱਲੋਂ ਫੈਲਾਈ ਰਿਸ਼ਵਤਖੋਰੀ ਦੇ ਖ਼ਿਲਾਫ਼ ਕਾਰਵਾਈ ਨਾ ਕਰਨ ਕਰਕੇ ਰੋਸ ਧਰਨਾ ਮਾਰਿਆ ਗਿਆ। ਜਿਸ 'ਚ ਵੱਡੀ ਗਿਣਤੀ 'ਚ ਐਕਸ਼ਨ ਕਮੇਟੀ ਦੇ ਮੈਂਬਰ ਹਾਜ਼ਰ ਸਨ ਤੇ ਉਨ੍ਹਾਂ ਦੀ ਮੰਗ ਸੀ ਕਿ ਭ੍ਰਿਸ਼ਟਾਚਾਰ ਦੀ ਲੁੱਟ ਰੋਕਣ ਲਈ ਕਾਰਵਾਈ ਕੀਤੀ ਜਾਵੇ।
ਤਿੰਨ ਮਹੀਨਿਆਂ ਤੋਂ ਕਰ ਰਹੇ ਸੰਘਰਸ਼: ਇਸ ਸਬੰਧੀ ਜਥੇਬੰਦੀ ਦੇ ਆਗੂ ਗਗਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਜਥੇਬੰਦੀ ਐਸ.ਐਮ.ਓ ਤਲਵੰਡੀ ਸਾਬੋ ਵੱਲੋਂ ਫੈਲਾਏ ਭ੍ਰਿਸ਼ਟਾਚਾਰ ਦੇ ਖਿਲਾਫ਼ ਸੰਘਰਸ਼ ਕਰ ਰਹੀ ਹੈ।ਜਿਸ ਦੇ ਚੱਲਦੇ ਤਿੰਨ ਧਰਨੇ ਤਲਵੰਡੀ ਸਾਬੋ ਸਿਵਲ ਹਸਪਤਾਲ ਵਿਖੇ ਲਗਾਏ ਜਾ ਚੁੱਕੇ ਹਨ ਪਰ ਕਿਸੇ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਮੁਲਾਜ਼ਮਾਂ ਅਤੇ ਆਮ ਲੋਕਾਂ ਵਿੱਚ ਭਾਰੀ ਰੋਸ ਪਾਇਆ ਗਿਆ ਹੈ। ਇਸ ਦੇ ਚੱਲਦਿਆਂ ਜਥੇਬੰਦੀ ਵੱਲੋਂ ਸਿਵਲ ਸਰਜਨ ਬਠਿੰਡਾ ਦੇ ਖਿਲਾਫ਼ ਧਰਨਾ ਮਾਰਿਆ ਗਿਆ।
ਇਨਕੁਆਰੀ ਕਮੇਟੀ ਨੂੰ ਦੇ ਚੁੱਕੇ ਸਾਰੇ ਸਬੂਤ: ਇਸ ਦੇ ਨਾਲ ਹੀ ਆਗੂ ਦਾ ਕਹਿਣਾ ਕਿ ਮਸਲੇ ਸਬੰਧੀ ਸਿਵਲ ਸਰਜਨ ਬਠਿੰਡਾ ਵੱਲੋਂ ਬਣਾਈ ਇਨਕੁਆਰੀ ਕਮੇਟੀ ਨੂੰ ਜਥੇਬੰਦੀ ਵੱਲੋਂ ਐਸ.ਐਮ.ਓ ਦੀ ਰਿਸ਼ਵਤਖੋਰੀ ਦੇ ਸਾਰੇ ਸਬੂਤ ਪੇਸ਼ ਕੀਤੇ ਜਾ ਚੁੱਕੇ ਹਨ, ਪਰ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਧਰਨੇ ਵਿੱਚ ਸਹਾਇਕ ਸਿਵਲ ਸਰਜਨ ਡਾ. ਅਨੁਪਮ ਸ਼ਰਮਾ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਨੇ ਸਿਵਲ ਸਰਜਨ ਬਠਿੰਡਾ ਦੇ ਵੱਲੋਂ ਇਹ ਵਿਸ਼ਵਾਸ ਦਵਾਇਆ ਕਿ 25 ਅਗਸਤ ਤੱਕ ਐਸ.ਐਮ.ਓ ਤਲਵੰਡੀ ਸਾਬੋ ਵਿਰੁੱਧ ਕਾਰਵਾਈ ਕਰ ਦਿੱਤੀ ਜਾਵੇਗੀ।
ਕਾਰਵਾਈ ਨਾ ਹੋਣ 'ਤੇ ਵੱਡੇ ਸੰਘਰਸ਼ ਦੀ ਤਿਆਰੀ: ਇਸ ਸਬੰਧੀ ਜਥੇਬੰਦੀ ਦੇ ਆਗੂ ਗਗਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਜਥੇਬੰਦੀ ਨੇ ਆਪਣਾ ਫੈਸਲਾ ਕੀਤਾ ਹੈ ਕਿ ਜੇਕਰ 25 ਅਗਸਤ ਤੱਕ ਐਸ.ਐਮ.ਓ ਤਲਵੰਡੀ ਸਾਬੋ ਖ਼ਿਲਾਫ਼ ਕਾਰਵਾਈ ਨਹੀਂ ਹੋਈ ਤਾਂ ਉਨ੍ਹਾਂ ਵਲੋਂ ਵੱਡਾ ਸੰਘਰਸ਼ ਅਤੇ ਧਰਨੇ ਦਾ ਕੰਮ ਉਲੀਕਿਆ ਜਾਵੇਗਾ ਅਤੇ ਜਦੋਂ ਤੱਕ ਕਾਰਵਾਈ ਨਹੀਂ ਹੋਵੇਗੀ, ਉਹ ਚੁੱਪ ਨਹੀਂ ਬੈਠਣਗੇ।