ਵਿਆਹ ਦੇ 2 ਦਿਨ ਬਾਅਦ ਲਾੜੇ ਦੀ ਹਾਦਸੇ ਵਿੱਚ ਹੋਈ ਮੌਤ
ਬਠਿੰਡਾ:ਵੀਰਵਾਰ ਸ਼ਾਮ ਨੂੰ ਬਠਿੰਡਾ-ਮੁਕਤਸਰ ਰੋਡ 'ਤੇ ਸਥਿਤ ਪਿੰਡ ਭਿਸੀਆਣਾ ਨੇੜੇ ਵਾਪਰੇ ਸੜਕ ਹਾਦਸੇ 'ਚ ਕਾਰ 'ਚ ਜਾ ਰਹੇ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਸਨਮਦੀਪ ਸਿੰਘ ਵਾਸੀ ਪਿੰਡ ਕੋਟਭਾਈ ਜ਼ਿਲ੍ਹਾ ਮੁਕਤਸਰ ਵਜੋਂ ਹੋਈ ਹੈ। ਸਨਮਦੀਪ ਦੀ ਮੌਤ ਕਾਰਨ ਪਿੰਡ ਕੋਟਭਾਈ ਵਿੱਚ ਸੋਗ ਦੀ ਲਹਿਰ ਦੌੜ ਗਈ।
2 ਦਿਨ ਪਹਿਲਾ ਹੀ ਹੋਇਆ ਸੀ ਵਿਆਹ: ਮ੍ਰਿਤਕ ਨੌਜਵਾਨ ਦਾ 2 ਦਿਨ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਆਪਣੇ ਵਿਆਹ ਲਈ ਕਿਰਾਏ 'ਤੇ ਲਈ ਗਈ ਸ਼ੇਰਵਾਨੀ ਵਾਪਸ ਕਰ ਕੇ ਬਠਿੰਡਾ ਵਾਪਿਸ ਆ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਲਾੜੀ 2 ਦਿਨਾਂ ਵਿੱਚ ਹੀ ਵਿਧਵਾ ਹੋ ਗਈ ਤੇ ਸਨਮਦੀਪ ਦੇ ਘਰੋਂ ਅਤੇ ਵਿਆਹ ਦੇ ਟੈਂਟ ਤੱਕ ਵੀ ਨਹੀਂ ਉੱਤਰੇ ਸਨ।
ਵਿਆਹ ਲਈ ਕਿਰਾਏ 'ਤੇ ਲਈ ਸ਼ੇਰਵਾਨੀ ਵਾਪਸ ਕਰ ਆਪਣੇ ਪਿੰਡ ਜਾ ਰਿਹਾ ਸੀ ਨੌਜਵਾਨ: ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕੋਟਭਾਈ ਦਾ ਰਹਿਣ ਵਾਲਾ ਸਨਮਦੀਪ ਸ਼ਾਮ ਨੂੰ ਆਪਣੀ ਕਾਰ ਵਿੱਚ ਬਠਿੰਡਾ ਤੋਂ ਵਾਪਸ ਆਪਣੇ ਪਿੰਡ ਕੋਟਭਾਈ ਜ਼ਿਲ੍ਹਾ ਮੁਕਤਸਰ ਜਾ ਰਿਹਾ ਸੀ। ਮੁਕਤਸਰ ਰੋਡ 'ਤੇ ਪਿੰਡ ਭਿਸੀਆਣਾ ਨੇੜੇ ਉਸ ਦੀ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ।
ਅਵਾਰਾ ਪਸ਼ੂ ਕਾਰਨ ਵਾਪਰਿਆ ਹਾਦਸਾ: ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਰਘੁਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਪੇਸ਼ੇ ਵੱਜੋਂ ਪਟਵਾਰੀ ਦਾ ਕੰਮ ਕਰਦਾ ਸੀ, ਜਦਕਿ ਉਸਦੀ ਪਤਨੀ ਅਧਿਆਪਕਾ ਹੈ। ਵੀਰਵਾਰ ਸ਼ਾਮ ਉਕਤ ਨੌਜਵਾਨ ਆਪਣੇ ਕੰਮ ਤੋਂ ਪਿੰਡ ਪਰਤ ਰਿਹਾ ਸੀ ਤਾਂ ਪਿੰਡ ਕਿਲੇ ਵਾਲੀ ਦੇ ਕੋਲ ਅਚਾਨਕ ਸਾਹਮਣੇ ਤੋਂ ਆਏ ਅਵਾਰਾ ਪਸ਼ੂ ਕਾਰਨ ਮ੍ਰਿਤਕ ਨੌਜਵਾਨ ਕਾਰ ਦਾ ਸੰਤੁਲਨ ਗੁਆ ਬੈਠੀ ਅਤੇ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਕਾਰ ਦੀ ਟੱਕਰ ਹੋ ਗਈ, ਜਿਸ ਕਾਰਨ ਹਾਦਸੇ ਵਿੱਚ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪੁਲਿਸ ਨੇ ਇਸ ਸਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।