ਬਠਿੰਡਾ:ਰੁਜ਼ਗਾਰ ਦੀ ਤਲਾਸ਼ ਵਿੱਚ, ਜਿੱਥੇ ਪੰਜਾਬ ਦੀ ਨੌਜਵਾਨੀ ਲਗਾਤਾਰ ਵਿਦੇਸ਼ ਦਾ ਰੁੱਖ ਕਰ ਰਹੀ ਹੈ, ਉੱਥੇ ਹੀ ਜ਼ਿਲ੍ਹਾ ਬਠਿੰਡਾ ਦੇ ਨੇੜਲੇ ਪਿੰਡ ਦੇ ਰਹਿਣ ਵਾਲੇ ਨੌਜਵਾਨ ਵੱਲੋਂ ਅਨੋਖਾ ਢੰਗ ਅਪਣਾ ਕੇ ਆਪਣਾ ਸਵੈ ਰੁਜ਼ਗਾਰ ਸ਼ੁਰੂ ਕੀਤਾ ਹੈ। ਇਹ ਢੰਗ-ਤਰੀਕਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਠਿੰਡਾ ਦੇ ਹਨੂੰਮਾਨ ਚੌਂਕ ਨੇੜੇ ਇਮਾਰਤ ਦੀ ਛੱਤ ਉੱਪਰ ਏਅਰ ਫੋਰਸ ਦੇ ਰਿਟਾਇਰਡ ਹੈਲੀਕਾਪਟਰ ਵਿੱਚ ਨੌਜਵਾਨ ਲਵਦੀਪ ਸਿੰਘ ਵੱਲੋਂ ਰੈਸਟੋਰੈਂਟ ਬਣਾਇਆ ਗਿਆ ਹੈ, ਜੋ ਕਿ ਬਠਿੰਡਾ ਵਾਸੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਲੋਕ ਦੂਰੋਂ ਦੂਰੋਂ ਰਿਟਾਇਰਡ ਹੈਲੀਕਾਪਟਰ ਵਿੱਚ ਬਣਾਏ ਗਏ ਰੈਸਟੋਰੈਂਟ ਨੂੰ ਦੇਖਣ ਅਤੇ ਇੱਥੇ ਖਾਣਾ ਖਾਣ ਲਈ ਪਹੁੰਚ ਰਹੇ ਹਨ ਅਤੇ ਵੀਡੀਓ ਅਤੇ ਸੈਲਫੀਆਂ ਲੈ ਰਹੇ ਹਨ।
ਲਵਦੀਪ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਵੱਲੋਂ ਆਪਣੇ ਦੇਸ਼ ਵਿੱਚ ਹੀ ਰਹਿ ਕੇ ਆਪਣਾ ਰੁਜ਼ਗਾਰ ਕਰਨ ਦਾ ਫੈਸਲਾ ਲਿਆ ਗਿਆ। ਕਿਸੇ ਵੱਖਰੇ ਢੰਗ ਨਾਲ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਉਨ੍ਹਾਂ ਵੱਲੋਂ ਆਪਣੇ ਹੀ ਰਿਸ਼ਤੇਦਾਰ ਨਾਲ ਰਾਏ ਮਸ਼ਵਰਾ (Helicopter Restaurant Bathinda) ਕੀਤਾ ਗਿਆ ਅਤੇ ਫਿਰ ਉਨਾਂ ਵੱਲੋਂ ਆਰਮੀ ਦਾ ਰਿਟਾਇਰਡ ਹੈਲੀਕਾਪਟਰ ਖ਼ਰੀਦਿਆ ਗਿਆ।
ਕਿਵੇਂ ਦਿੱਤਾ ਪਲਾਨ ਨੂੰ ਸਫਲ ਰੂਪ: ਭਾਵੇਂ ਲਵਦੀਪ ਵੱਲੋਂ ਇਹ ਆਰਮੀ ਦਾ ਰਿਟਾਇਰਡ ਹੈਲੀਕਾਪਟਰ ਖ਼ਰੀਦ ਲਿਆ ਗਿਆ ਸੀ, ਪਰ ਇਸ ਨੂੰ ਬਠਿੰਡਾ ਲੈ ਕੇ ਆਉਣ ਲਈ ਉਨ੍ਹਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਟਰਾਲੇ ਉੱਪਰ ਲਿਆਂਦੇ ਜਾ ਰਹੇ ਹੈਲੀਕਾਪਟਰ ਨੂੰ ਬਠਿੰਡਾ ਤੱਕ ਲਿਆਉਣ ਲਈ ਉਨ੍ਹਾਂ ਨੂੰ ਬੋਰਡ, ਨੀਵੇਂ ਦਰਖਤਾਂ ਅਤੇ ਅੰਡਰ ਬ੍ਰਿਜ ਰਾਹੀਂ ਨਿਕਲਣ ਵਿੱਚ ਵੱਡੀਆਂ ਦਿੱਕਤਾਂ ਪੇਸ਼ ਆਉਣੀਆਂ ਸਨ। ਇਸ ਲਈ ਉਨ੍ਹਾਂ ਵੱਲੋਂ ਪਹਿਲਾਂ ਇਸ ਰਿਟਾਇਰਡ ਹੈਲੀਕਾਪਟਰ ਨੂੰ ਬਠਿੰਡਾ ਲੈ ਕੇ ਆਉਣ ਲਈ ਰੂਟ ਪਲਾਨ ਕਰਨਾ ਪਿਆ ਅਤੇ ਫਿਰ ਇਸ ਰਿਟਾਇਰਡ ਹੈਲੀਕਾਪਟਰ ਨੂੰ ਬਠਿੰਡਾ ਲਿਆ ਕੇ ਹੈਡ ਰਿਹਾ ਰਾਹੀਂ ਛੱਤ ਉੱਤੇ ਰੱਖਵਾਇਆ।