ਬਠਿੰਡਾ:ਜ਼ਿਲ੍ਹੇ ਦੇ ਰਹਿਣ ਵਾਲੇ ਕੁਝ ਨੌਜਵਾਨਾਂ ਵੱਲੋਂ ਇੱਕ ਪੰਥ ਦੋ ਕਾਜ ਕਰਦੇ ਹੋਏ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਨੌਜਵਾਨਾਂ ਵੱਲੋਂ ਗਰੀਬ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਵਾਤਾਵਰਣ ਨੂੰ ਬਚਾਉਣ ਲਈ ਇੱਕ ਬੁੱਕ ਬੈਂਕ ਖੋਲ੍ਹਿਆ ਗਿਆ ਹੈ। ਨੌਜਵਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਪੁਰਾਣੀਆਂ ਕਿਤਾਬਾਂ ਲਿਆ ਕੇ ਅੱਗੇ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਵਿੱਚ ਪੜ੍ਹਨ ਲਈ ਦਿੱਤੀਆਂ ਜਾਂਦੀਆਂ ਹਨ।
ਕਿਉਂ ਸ਼ੁਰੂੂ ਕੀਤਾ ਨਿਵੇਕਲਾ ਉਪਰਾਲਾ?:ਬਠਿੰਡਾ ਦੇ ਹੀ ਰਹਿਣ ਵਾਲੇ ਐਡਵੋਕੇਟ ਪਾਰਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਕੁਝ ਦੋਸਤਾਂ ਨਾਲ ਰਲ ਕੇ ਇੱਕ ਨਿਵੇਕਲਾ ਉਪਰਾਲਾ ਇਸ ਲਈ ਆਰੰਭਿਆ ਗਿਆ ਹੈ ਤਾਂ ਜੋ ਵੀ ਲੋੜਵੰਦ ਵਿਦਿਆਰਥੀ ਉਚੇਰੀ ਸਿੱਖਿਆ ਪ੍ਰਾਪਤ ਕਰਨਾ ਚਾਹੁੰਦਾ ਹੈ ਪਰ ਉਸ ਨੂੰ ਕਿਤਾਬਾਂ ਖ਼ਰੀਦਣ ਵਿੱਚ ਸਮੱਸਿਆ ਆ ਰਹੀ ਹੈ ਤਾਂ ਉਹ ਆਪਣੇ ਤੌਰ ਪੱਧੜ ’ਤੇ ਉਸ ਵਿਦਿਆਰਥੀ ਲਈ ਮੁਫ਼ਤ ਵਿੱਚ ਪੁਰਾਣੀਆਂ ਕਿਤਾਬਾਂ ਉਪਲੱਬਧ ਕਰਾਉਂਦੇ ਹਨ। ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਕਿਤਾਬਾਂ ਲੋਕਾਂ ਤੋਂ ਮੁਫ਼ਤ ਵਿੱਚ ਹੀ ਲਈਆਂ ਜਾਂਦੀਆਂ ਹਨ ਅਤੇ ਇਸ ਕਾਰਜ ਵਿੱਚ ਸਿਰਫ਼ ਇੱਕ ਕੜੀ ਦਾ ਕੰਮ ਕਰਦੇ ਹਨ ਤਾਂ ਜੋ ਗ਼ਰੀਬ ਵਿਦਿਆਰਥੀ ਅੱਗੇ ਪੜ੍ਹ ਸਕਣ।
ਨੌਜਵਾਨਾਂ ਦੀ ਸਰਕਾਰ ਨੂੰ ਸਲਾਹ:ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਪੇਪਰ ਬਣਾਉਣ ਲਈ ਕੱਟੇ ਜਾ ਰਹੇ ਦਰੱਖਤਾਂ ਨੂੰ ਬਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਇਆ ਦੀਆਂ ਪੁਰਾਣੀਆਂ ਕਿਤਾਬਾਂ ਰੱਦੀ ਕਰ ਦਿੱਤੀਆਂ ਜਾਂਦੀਆਂ ਹਨ ਇਸ ਲਈ ਉਨ੍ਹਾਂ ਵੱਲੋਂ ਆਪਣੇ ਤੌਰ ਉੱਪਰ ਕੁਝ ਦੋਸਤਾਂ ਨਾਲ ਰਲ ਕੇ ਇਹ ਬੁੱਕ ਬੈਂਕ ਬਣਾਇਆ ਗਿਆ ਹੈ ਤਾਂ ਜੋ ਇਕ ਪੰਥ ਦੋ ਕਾਜ ਕਰਕੇ ਵਾਤਾਵਰਣ ਨੂੰ ਬਚਾ ਸਕਣ ਅਤੇ ਗਰੀਬ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਕਿਤਾਬਾਂ ਦਾ ਪ੍ਰਬੰਧ ਕਰਕੇ ਦੇ ਸਕਣ।
ਕਿਤਾਬਾਂ ਮੁਫਤ ’ਚ ਕਰਵਾਈਆਂ ਜਾਦੀਆਂ ਨੇ ਉਪਲਬਧ: ਪਾਰਸ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਕਰਕੇ ਹੀ ਇਹ ਕਿਤਾਬਾਂ ਮੁਫ਼ਤ ਵਿੱਚ ਲਿਆ ਕੇ ਗਰੀਬ ਵਿਦਿਆਰਥੀਆਂ ਨੂੰ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਸ ਵੀ ਕਿਸੇ ਵੀ ਕੋਲ ਪੁਰਾਣੀਆਂ ਕਿਤਾਬਾਂ ਪਿਛਲੀ ਕਲਾਸ ਦੀਆਂ ਪਈਆਂ ਹਨ ਉਹ ਉਨ੍ਹਾਂ ਨੂੰ ਸਕਦੇ ਹਨ ਅਤੇ ਨਵੀਂਆਂ ਅਗਲੇਰੀ ਕਲਾਸ ਦੀਆਂ ਕਿਤਾਬਾਂ ਉਨ੍ਹਾਂ ਤੋਂ ਲੈ ਜਾਵੇ ਇਹ ਕੰਮ ਮੁਫ਼ਤ ਵਿੱਚ ਹੀ ਉਨ੍ਹਾਂ ਵੱਲੋਂ ਇੱਕ ਕੜੀ ਦੇ ਤੌਰ ਉਪਰ ਕੀਤਾ ਜਾ ਰਿਹਾ ਹੈ।