ਬਠਿੰਡਾ: ਮਨੁੱਖ ਨੇ ਤਰੱਕੀ ਲਈ ਜਿੱਥੇ ਪੌਣ ਪਾਣੀ ਅਤੇ ਵਾਤਾਵਰਣ ਨੂੰ ਬੁਰੀ ਤਰ੍ਹਾਂ ਦੂਸ਼ਿਤ ਕਰ ਕੇ ਰੱਖ ਦਿੱਤਾ ਹੈ ਉਥੇ ਹੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੰਡੀ ਖੁਰਦ ਦੇ ਇਕ ਨੌਜਵਾਨ ਨੇ ਵਿਸ਼ੇਸ਼ ਉਪਰਾਲਾ ਕਰਦੇ ਹੋਏ ਜਿੱਥੇ ਪਾਣੀ ਨੂੰ ਬਚਾਉਣ ਲਈ ਪਿਛਲੇ ਦੋ ਦਹਾਕਿਆਂ ਤੋਂ ਝੋਨੇ ਦੀ ਬਿਜਾਈ ਨਹੀਂ ਕੀਤੀ ਉਥੇ ਹੀ ਖੇਤ ਵਿੱਚ ਆਧੁਨਿਕ ਤਕਨੀਕ ਨਾਲ ਖੂਹ ਪੁੱਟ ਕੇ ਧਰਤੀ ਨੂੰ ਰੀਚਾਰਜ ਕਰਨ ਦਾ ਨਵਾਂ ਤਰੀਕਾ ਅਪਣਾਇਆ ਹੈ। ਕਿਸਾਨ ਜਗਤਾਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਨੁਸਾਰ ਪਵਣ ਗੁਰੂ ਪਾਣੀ ਪਿਤਾ ’ਤੇ ਚੱਲਦਿਆਂ ਉਨ੍ਹਾਂ ਵੱਲੋਂ ਇਹ ਉਪਰਾਲੇ ਵਿੱਢੇ ਗਏ ਸਨ ਅਤੇ ਇਸ ਵਿਚ ਵਿਸ਼ੇਸ਼ ਯੋਗਦਾਨ ਉਸਦੇ ਭਰਾ ਗੁਰਤੇਜ ਸਿੰਘ ਦਾ ਹੈ।
ਧਰਤੀ ਨੂੰ ਰੀਚਾਰਜ ਕਰਨ ਦਾ ਨਵਾਂ ਤਰੀਕਾ:ਇਸ ਦੇ ਚੱਲਦੇ ਉਨ੍ਹਾਂ ਵੱਲੋਂ ਜੂਨ ਮਹੀਨੇ ਵਿੱਚ ਇਸ ਖੂਹ ਦੀ ਪੁਟਾਈ ਸ਼ੁਰੂ ਕੀਤੀ ਸੀ ਅਤੇ ਇਸ ਨੂੰ ਆਧੁਨਿਕ ਤਕਨੀਕ ਰਾਹੀਂ ਰੀਚਾਰਜ ਕਰਨ ਲਈ ਤਿੰਨ ਤਰ੍ਹਾਂ ਦੀਆਂ ਡਿੱਗੀਆਂ ਬਣਾਈਆਂ ਗਈਆਂ ਸਨ ਤਾਂ ਜੋ ਧਰਤੀ ਹੇਠ ਜੋ ਪਾਣੀ ਭੇਜਿਆ ਜਾਵੇ ਉਹ ਸਾਫ ਸੁਥਰਾ ਹੋਵੇ। ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਟੇਲ ’ਤੇ ਪੈਂਦਾ ਹੈ ਜਿਸ ਕਾਰਨ ਜੇਕਰ ਟੇਲ ਦੇ ਵਿਚ ਪਾਣੀ ਵੱਧ ਆ ਜਾਵੇ ਤਾਂ ਵੀ ਪਿੰਡ ਨੂੰ ਮਾਰ ਪੈਂਦੀ ਹੈ। ਜੇਕਰ ਪਾਣੀ ਘਟ ਜਾਵੇ ਤਾਂ ਵੀ ਫਸਲਾਂ ਸੁੱਕਣ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ।
ਪਾਣੀ ਦੀ ਬੱਚਤ ਕਰਨ ਲਈ ਕਿਸਾਨ ਨੇ ਆਪਣੇ ਖੇਤ ’ਚ ਆਧੁਨਿਕ ਤਕਨੀਕ ਨਾਲ ਬਣਾਇਆ ਖੂਹ ਖੇਤ 'ਚ ਬਣਾਇਆ ਜੰਗਲ: ਇਸ ਦੇ ਚੱਲਦੇ ਉਨ੍ਹਾਂ ਵੱਲੋਂ ਇਹ ਤਕਨੀਕ ਅਪਣਾਈ ਗਈ ਅਤੇ ਖੇਤ ਵਿੱਚ ਹੀ ਦੋ ਸੌ ਫੁੱਟ ਤੋਂ ਉੱਪਰ ਖੂਹ ਬਣਾਇਆ ਗਿਆ ਅਤੇ ਧਰਤੀ ਨੂੰ ਸਾਫ਼ ਪਾਣੀ ਰਾਹੀਂ ਚਾਰਜ ਕਰਨ ਲਈ ਟੇਲ ਦਾ ਪਾਣੀ ਇਸ ਖੂਹ ਰਾਹੀਂ ਧਰਤੀ ਨੂੰ ਚਾਰਜ ਕਰਨ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਉਨ੍ਹਾਂ ਵੱਲੋਂ ਜੰਗਲ ਲਗਾਇਆ ਗਿਆ ਹੈ ਜਿਸ ਵਿੱਚ ਸਾਢੇ ਸੱਤ ਸੌ ਤੋਂ ਉਪਰ ਬੂਟੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਦੋ ਹਜ਼ਾਰ ਉਨੀ ਵਿੱਚ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸਨਮਾਨਤ ਕੀਤਾ ਸੀ ਕਿਉਂਕਿ ਉਨ੍ਹਾਂ ਵੱਲੋਂ ਹਵਾ ਪਾਣੀ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਵਿਸ਼ੇਸ਼ ਢੰਗ ਤਰੀਕੇ ਅਪਣਾਏ ਗਏ।
ਕਿਸਾਨਾਂ ਨੂੰ ਅਪੀਲ: ਉਥੇ ਹੀ ਉਨ੍ਹਾਂ ਵੱਲੋਂ ਸਹਾਇਕ ਧੰਦਿਆਂ ਨੂੰ ਅਪਣਾ ਕੇ ਆਪਣੇ ਰੁਜ਼ਗਾਰ ਵਿੱਚ ਵਾਧਾ ਕੀਤਾ ਜਾ ਰਿਹਾ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਧਰਤੀ ਤੇ ਪੀਣ ਯੋਗ ਪਾਣੀ ਅਤੇ ਸਾਹ ਲੈਣ ਯੋਗ ਹਵਾ ਨਾ ਰਹੀ ਤਾਂ ਇਨਸਾਨ ਕੀ ਕਰੇਗਾ ਉਨ੍ਹਾਂ ਬਾਕੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਣੀ ਨੂੰ ਬਚਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਅਤੇ ਵੱਡੀ ਪੱਧਰ ਉੱਪਰ ਰੁੱਖ ਲਗਾ ਕੇ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ।
ਇਹ ਵੀ ਪੜ੍ਹੋ:MSP ਕਮੇਟੀ ਨੂੰ ਲੈ ਕੇ ਸੀਐੱਮ ਮਾਨ ਦੀ PM ਨੂੰ ਚਿੱਠੀ, ਕੀਤੀ ਇਹ ਮੰਗ