ਬਰਨਾਲਾ:ਜ਼ਿਲੇ ਦੇ ਕਸਬਾ ਭਦੌੜ 'ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੁਝ ਦੋਸਤਾਂ ਨੇ ਆਪਣੇ ਟੈਕਸੀ ਡਰਾਈਵਰ ਦੋਸਤ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕਤਲ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਕਥਿਤ ਦੋਸ਼ੀਆਂ ਨੇ 21 ਸਤੰਬਰ ਦੀ ਰਾਤ ਕਰੀਬ 9 ਵਜੇ ਉਸ ਦੀ ਕਾਰ ਬੁੱਕ ਕਰਵਾਉਣ ਦੇ ਨਾਂ 'ਤੇ ਬੁਲਾਇਆ ਅਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ।
ਦੱਸ ਦਈਏ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਵੱਲੋਂ ਨੌਜਵਾਨ ਦਾ ਸੁਰਾਗ ਨਾ ਮਿਲਣ 'ਤੇ 23 ਸਤੰਬਰ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਿਸ ਤੋਂ ਬਾਅਦ ਥਾਣਾ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਫੋਨ ਦੀ ਕਾਲ ਡਿਟੇਲ ਦੀ ਜਾਂਚ ਕਰਦਿਆਂ ਮ੍ਰਿਤਕ ਦੇ ਕੁਝ ਦੋਸਤਾਂ ਨੂੰ ਬੁਲਾਇਆ। ਇਸਤੋਂ ਬਾਅਦ ਕਤਲ ਦਾ ਖੁਲਾਸਾ ਹੋਇਆ। ਮ੍ਰਿਤਕ ਨੌਜਵਾਨ ਦੀ ਲਾਸ਼ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਬੱਲੋਕੇ ਨੇੜੇ ਨਹਿਰ ਵਿੱਚੋਂ ਬਰਾਮਦ ਕੀਤੀ।
ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਅਤੇ ਭਰਾ ਮ੍ਰਿਤਕ ਨੌਜਵਾਨ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਨੌਜਵਾਨ ਦੀ ਮੌਤ ਦੇ ਕਾਰਨ ਘਰ 'ਚ ਸਿਰਫ ਉਸ ਦੀ ਮਾਂ ਅਤੇ ਨਵ-ਵਿਆਹੀ ਪਤਨੀ ਹੀ ਰਹਿ ਗਏ ਹਨ। ਫਿਲਹਾਲ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।