ਭਦੌੜ: ਪੰਜਾਬ ਅੰਦਰ ਨਵੀਂ ਬਣੀ ਭਗਵੰਤ ਮਾਨ ਦੀ ਸਰਕਾਰ ਵਧੀਆ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਭਗਵੰਤ ਮਾਨ ਦੀ ਸਰਕਾਰ ਬਣੀ ਨੂੰ ਤਕਰੀਬਨ ਇੱਕ ਮਹੀਨਾ ਹੋਣ ਵਾਲਾ ਹੈ ਪਰ ਲੋਕਾਂ ਨੂੰ ਅਜੇ ਤੱਕ ਸਿਹਤ ਸਹੂਲਤਾਂ ਪੱਖੋਂ ਕੋਈ ਵੀ ਫਰਕ ਨਜ਼ਰ ਨਹੀਂ ਆ ਰਿਹਾ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਤਰ੍ਹਾਂ ਦਾ ਮਾਮਲਾ ਭਦੌੜ ਤੋਂ ਸਾਹਮਣੇ ਆਇਆ ਹੈ ਜਿੱਥੇ ਦਿਲ ਦੀ ਮਰੀਜ਼ ਨੂੰ ਮੌਕੇ ਤੇ ਇਲਾਜ਼ ਨਾ ਮਿਲਣ ਕਾਰਨ ਉਸਦੀ ਦੇਰ ਰਾਤ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪੁੱਤਰ ਪੰਜਾਬੀ ਗਾਇਕ ਲੱਖਾ ਬਰਾੜ ਨੇ ਦੱਸਿਆ ਕਿ ਪਿਛਲੇ ਸਾਲ ਉਸ ਦੇ ਪਿਤਾ ਜੋ ਕਿ ਸਾਬਕਾ ਫ਼ੌਜੀ ਸੀ ਉਸ ਦਾ ਦੇਹਾਂਤ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਦੀ ਮਾਤਾ ਦੇ ਨਾਮ ਤੇ ਪੈਨਸ਼ਨ ਲਗਵਾਉਣ ਖ਼ਾਤਰ ਉਹ ਸਰਕਾਰੀ ਦਫਤਰਾਂ ਦੇ ਚੱਕਰ ਕੱਟ ਰਹੇ ਸੀ ਪਰ ਕੋਈ ਵੀ ਕੰਮ ਨਹੀਂ ਹੋ ਰਿਹਾ ਸੀ ਜਿਸ ਕਾਰਨ ਉਸ ਦੀ ਮਾਤਾ ਡਿਪਰੈਸ਼ਨ ਵਿਚ ਆ ਕੇ ਗੱਲ ਦਿਲ ਤੇ ਲਗਾ ਗਈ ਅਤੇ 29 ਮਾਰਚ ਨੂੰ ਦੇਰ ਸ਼ਾਮ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਤੁਰੰਤ ਭਦੌੜ ਦੇ ਸਿਵਲ ਹਸਪਤਾਲ ਲੈ ਕੇ ਗਏ।
ਉਨ੍ਹਾਂ ਦੱਸਿਆ ਕਿ ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਇਥੇ ਰੈਫਰ ਕਰਨ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ਵਾਲਿਆਂ ਤੋਂ ਐਂਬੂਲੈਂਸ ਭੇਜਣ ਦੀ ਸਿਫ਼ਾਰਸ਼ ਕੀਤੀ ਤਾਂ ਉਨ੍ਹਾਂ ਨੇ ਖ਼ੁਦ ਵੀ 108 ਨੰਬਰ ’ਤੇ ਕਾਲ ਕਰਕੇ ਐਂਬੂਲੈਂਸ ਦੀ ਮਦਦ ਮੰਗੀ ਪਰ ਉਨ੍ਹਾਂ ਦਾ ਕੋਈ ਵੀ ਹੱਲ ਨਹੀਂ ਹੋਇਆ ਅਤੇ ਕਾਫ਼ੀ ਜੱਦੋ ਜਹਿਦ ਤੋਂ ਬਾਅਦ ਉਨ੍ਹਾਂ ਨੂੰ ਭਦੌੜ ਤੋਂ 25-30 ਕਿਲੋਮੀਟਰ ਦੂਰ ਤੋਂ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ। ਪਰ ਵਾਰ ਵਾਰ ਦੇਰੀ ਹੋਣ ਦੇ ਕਾਰਨ ਉਸਦੀ ਮਾਤਾ ਨੇ ਰਸਤੇ ਚ ਹੀ ਦਮ ਤੋੜ ਦਿੱਤਾ।