ਬਰਨਾਲਾ:ਆਮ ਆਦਮੀ ਪਾਰਟੀ(Aam Aadmi Party) ਦੇ ਵਿਧਾਨ ਸਭਾ ਹਲਕਾ ਭਦੌੜ ਤੋਂ ਬਾਗੀ ਵਿਧਾਇਕ ਪਿਰਮਲ ਸਿੰਘ ਖਾਲਸਾ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਹਲਕਾ ਭਦੌੜ ਦੀ ਸਿਆਸਤ ਵਿੱਚ ਭੂਚਾਲ ਆ ਗਿਆ ਹੈ। ਖ਼ਾਸਕਰ ਕਾਂਗਰਸ ਪਾਰਟੀ ਦੋ ਧੜਿਆਂ ਵਿੱਚ ਵੰਡੀ ਗਈ ਹੈ। ਕਾਂਗਰਸ ਪਾਰਟੀ ਦੀ ਨੁਮਾਇੰਦੇ ਵਜੋਂ ਹਲਕੇ ਵਿਚ ਵਿਚਰ ਰਹੀ ਬੀਬੀ ਸੁਰਿੰਦਰ ਕੌਰ ਵਾਲੀਆ ਨਾਲ ਵਿਧਾਇਕ ਪਿਰਮਲ ਸਿੰਘ ਦੀ ਖਹਿਬਾਜ਼ੀ ਸ਼ੁਰੂ ਹੋ ਗਈ ਹੈ।
ਵਿਧਾਇਕ ਪਿਰਮਲ ਸਿੰਘ ਵੱਲੋਂ ਕਾਂਗਰਸ ਵਿੱਚ ਸ਼ਾਮਲ ਹੋਣ ‘ਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਟਿਕਟ ਮਿਲਣ ਦੇ ਕੀਤੇ ਜਾ ਰਹੇ ਦਾਅਵਿਆਂ ਦਾ ਬੀਬੀ ਸੁਰਿੰਦਰ ਕੌਰ ਵਾਲੀਆ ਵੱਲੋਂ ਸ਼ਰ੍ਹੇਆਮ ਖੰਡਨ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਵਿਸਥਾਰ ਵਿਚ ਗੱਲਬਾਤ ਕਰਦਿਆਂ ਕਾਂਗਰਸੀ ਨੇਤਾ ਬੀਬੀ ਸੁਰਿੰਦਰ ਕੌਰ ਵਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਿਰਮਲ ਸਿੰਘ ਖ਼ਾਲਸਾ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਕਾਂਗਰਸ ਇੱਕ ਸਮੁੰਦਰ ਵਾਂਗ ਹੈ, ਜਿਸ ਵਿਚ ਆਉਣ ਤੇ ਉਨ੍ਹਾਂ ਦਾ ਸੁਆਗਤ ਹੈ ਪਰ ਉਨ੍ਹਾਂ ਵੱਲੋਂ ਭਦੌੜ ਹਲਕੇ ਵਿੱਚ ਕਾਂਗਰਸ ਪਾਰਟੀ ਦਾ ਨੁਮਾਇੰਦਾ ਅਖਵਾਉਣਾ ਜਾਂ ਟਿਕਟ ਦਾ ਦਾਅਵਾ ਕਰਨਾ ਗਲਤ ਹੈ।