ਬਰਨਾਲਾ:ਬੈਡਮਿੰਟਨ ਐਸੋਸੀਏਸ਼ਨ ਬਰਨਾਲਾ ਵੱਲੋਂ ਪੰਜਾਬ ਜੂਨੀਅਰ ਸਟੇਟ ਬੈਂਡਮਿੰਟਨ ਚੈਂਪੀਅਨਸ਼ਿਪ 2023 (ਅੰਡਰ 19 ਲੜਕੇ/ਲੜਕੀਆਂ) 4 ਤੋਂ 7 ਅਗਸਤ ਤੱਕ ਐਲ ਬੀ ਐਸ ਕਾਲਜ ਅਤੇ ਬਰਨਾਲਾ ਕਲੱਬ ’ਚ ਸਫਲਤਾ ਪੂਰਵਕ ਕਰਵਾਈ ਗਈ। ਇੰਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਅਤੇ ਐਸ.ਐਸ.ਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਕੀਤਾ।
ਖੇਡਾਂ ਨਾਲ ਨਸ਼ਿਆਂ ਤੋਂ ਦੂਰ ਰਹਿੰਦੇ ਨੌਜਵਾਨ: ਉਨ੍ਹਾਂ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਸਮੇਂ-ਸਮੇਂ 'ਤੇ ਹੋਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵੱਲ ਮੋੜਿਆ ਜਾ ਸਕੇ। ਖੇਡਾਂ ਵੱਲ ਵੱਧ ਕੇ ਨੌਜਵਾਨ ਨਸ਼ਿਆਂ ਵਰਗੀਆਂ ਗਲਤ ਚੀਜ਼ਾਂ ਤੋਂ ਦੂਰ ਰਹਿੰਦੇ ਹਨ ਅਤੇ ਉਨ੍ਹਾਂ ਵਿੱਚ ਅਨੁਸ਼ਾਸ਼ਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਵਿਦਿਆਰਥੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹਨ ਉਹਨਾਂ ਲਈ ਸਰਕਾਰੀ ਨੌਕਰੀ ਦੇ ਮੌਕੇ ਵੀ ਵਧੇਰੇ ਹੁੰਦੇ ਹਨ। ਇਸ ਮੌਕੇ ਉਨ੍ਹਾਂ ਜੇਤੂਆਂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ।
ਰਾਜ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਮੁੰਡੇ ਤੇ ਕੁੜੀਆਂ ਨੇ ਮਾਰੀਆਂ ਮੱਲਾਂ:ਅੰਡਰ 19 ਦੇ ਇੰਨ੍ਹਾਂ ਮੁਕਾਬਲਿਆਂ ਵਿੱਚ ਗਰਲਜ਼ (ਡਬਲਜ਼) ’ਚ ਜਲੰਧਰ ਦੀ ਲਿਜ਼ਾ ਅਤੇ ਮਾਨਿਆ ਜੇਤੂ ਰਹੀਆਂ। ਲੜਕੇ (ਡਬਲਜ਼) ਦੇ ਮੁਕਾਬਲੇ ’ਚ ਅਕਰਸ਼ਿਤ ਸ਼ਰਮਾ ਅਤੇ ਸ਼ਿਖਰ ਰੱਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਮਿਕਸ ਡਬਲ ’ਚ ਅਕਰਸ਼ਿਤ ਸ਼ਰਮਾ ਤੇ ਮਾਨਿਆ ਨੇ ਪਹਿਲਾ ਸਥਾਨ ਹਾਸਲ ਕੀਤਾ। ਗਰਲਜ਼ ਸਿੰਗਲ ’ਚ ਜਲੰਧਰ ਦੀ ਸਮਰਿਧੀ ਨੇ ਪਹਿਲਾ ਸਥਾਨ, ਲੜਕੇ ਸਿੰਗਲ ’ਚ ਅੰਮ੍ਰਿਤਸਰ ਦੇ ਅਧਿਯਾਨ ਕੱਕੜ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਲੜਕਿਆਂ ਦੀ ਗੁਰਦਾਸਪੁਰ ਟੀਮ ਅਤੇ ਲੜਕੀਆਂ ਦੀ ਜਲੰਧਰ ਦੀ ਟੀਮ ਨੇ ਮੋਹਰੀ ਸਥਾਨ ਹਾਸਲ ਕੀਤਾ।
ਨੌਜਵਾਨਾਂ ਦੀ ਕਾਬਲਿਅਤ ਕੱਢਣ ਲਈ ਪ੍ਰੋਗਰਾਮ ਜ਼ਰੁਰੀ:ਇਸ ਮੌਕੇ ਪ੍ਰਸ਼ਾਸਨ ਅਤੇ ਪੁਲਿਸ ਦੇ ਹੋਰ ਵੱਖ-ਵੱਖ ਅਧਿਕਾਰੀਆਂ ਵੱਲੋਂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਗਈ। ਇੰਨ੍ਹਾਂ ਮੁਕਾਬਲਿਆਂ ਵਿੱਚ ਵਿਸ਼ਵ ਚੈਂਪੀਅਨ ਰਾਮ ਲਖਨ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨਾਂ ਵਿੱਚ ਬਹੁਤ ਕਾਬਲੀਅਤ ਹੈ। ਉਸ ਕਾਬਲੀਅਤ ਨੂੰ ਬਾਹਰ ਲੈ ਕੇ ਆਉਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਹਨ। ਇਸ ਚਾਰ ਦਿਨਾਂ ਪ੍ਰੋਗਰਾਮ ਲਈ ਉਹਨਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਲਗਾਤਾਰ ਕਰਵਾਉਣੇ ਚਾਹੀਦੇ ਹਨ। ਅਸੀਂ ਖੇਡਾਂ ਵਿਚ ਜਿੰਨਾ ਵੀ ਪੈਸਾ ਖਰਚਾਂਗੇ, ਉਹ ਪੈਸਾ ਸਿੱਧਾ ਸਾਡੇ ਦੇਸ਼ ਦੇ ਭਵਿੱਖ ਉੱਤੇ ਖਰਚ ਹੋਵੇਗਾ।