ਬਰਨਾਲਾ:ਜ਼ਿਲ੍ਹੇ ਦੇ ਪਿੰਡ ਹਮੀਦੀ ਵਿੱਚ ਆਪਣੀਆਂ ਕੁੜੀਆਂ ਨੂੰ ਲੈ ਕੇ ਪਾਣੀ ਵਾਲੀ ਟੈਂਕੀ ਉਪਰ ਔਰਤ ਚੜ੍ਹ ਗਈ, ਜਿਸ ਨੇ ਪੁਲਿਸ ਨੂੰ ਭਾਜੜ ਪਾ ਦਿੱਤੀ। ਪਰਿਵਾਰਕ ਝਗੜੇ ਦੇ ਚੱਲਦਿਆਂ ਦੂਜੀ ਵਾਰ ਟੈਂਕੀ ਉਪਰ ਮਹਿੰਦਰ ਕੌਰ ਚੜ੍ਹੀ ਹੈ। ਬੇਟੀਆਂ ਅਤੇ ਔਰਤ ਦੀ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਇਨਸਾਫ਼ ਨਾ ਮਿਲਣ ਕਾਰਨ ਪੀੜਤ ਦੁਖੀ ਹਨ। ਉਨ੍ਹਾਂ ਪੁਲਿਸ ਪ੍ਰਸਾ਼ਸ਼ਨ ਉਪਰ ਕੋਈ ਇਨਸਾਫ਼ ਨਾ ਦੇਣ ਦਾ ਇਲਜ਼ਾਮ ਲਗਾਇਆ ਹੈ। ਟੈਂਕੀ ਉਪਰ ਚੜ੍ਹੀ ਮਹਿਲਾ ਮਹਿੰਦਰ ਕੌਰ ਨੇ ਕਿਹਾ ਕਿ ਉਸ ਦੇ ਪਤੀ ਅਤੇ ਦਿਓਰ ਨੇ ਉਹਨਾ ਦੇ ਹਿੱਸੇ ਦੀ ਜ਼ਮੀਨ ਵੀ ਵੇਚ ਦਿੱਤੀ ਹੈ, ਜਿਸ ਨਾਲ ਉਸ ਦੇ ਬੱਚਿਆਂ ਦਾ ਹੱਕ ਮਾਰਿਆ ਗਿਆ ਹੈ, ਜਿਸ ਲਈ ਉਹ ਸੰਘਰਸ਼ ਕਰ ਰਹੀ ਹੈ। ਟੈਂਕੀ ਉੱਤੇ ਚੜ੍ਹੀ ਔਰਤ ਨੇ ਇਨਸਾਫ਼ ਨਾ ਮਿਲਣ ਉੱਤੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਹੈ।
ਕੁੜੀਆਂ ਨਾਲ ਕੁੱਟਮਾਰ:ਇਸ ਮੌਕੇ ਟੈਂਕੀ ਉਪਰ ਚੜ੍ਹੀ ਔਰਤ ਮਹਿੰਦਰ ਕੌਰ ਨੇ ਦੱਸਿਆ ਕਿ ਉਸ ਦੀਆਂ ਧੀਆਂ ਅਤੇ ਉਸ ਨਾਲ ਪਤੀ ਜੱਗਾ ਸਿੰਘ ਅਤੇ ਪਰਿਵਾਰ ਵੱਲੋਂ ਕੁੱਟਮਾਰ ਕਰਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਸ ਦਾ ਪਤੀ ਜੱਗਾ ਸਿੰਘ ਪਹਿਲਾਂ ਪਰਿਵਾਰ ਵਿੱਚ ਉਨ੍ਹਾਂ ਦੇ ਨਾਲ ਹੀ ਰਹਿੰਦਾ ਸੀ ਪਰ ਕੁੱਝ ਸਮਾਂ ਪਹਿਲਾਂ ਪਰਿਵਾਰ ਤੋਂ ਵੱਖ ਹੋਕੇ ਦਿਓਰ ਦੇ ਪਰਿਵਾਰ ਨਾਲ ਰਹਿ ਰਿਹਾ ਹੈ। ਦੋ ਦਿਨ ਪਹਿਲਾਂ ਘਰ ਆ ਕੇ ਉਸ ਦੇ ਪਤੀ ਅਤੇ ਪਰਿਵਾਰ ਨੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਪੀੜਤ ਔਰਤ ਅਤੇ ਉਸ ਦੀਆਂ ਕੁੜੀਆਂ ਨਾਲ ਕੁੱਟਮਾਰ ਹੋਈ।
ਖੁਦਕੁਸ਼ੀ ਦੀ ਚਿਤਾਵਨੀ: ਇਸ ਕੁੱਟਮਾਰ ਨੂੰ ਲੈ ਕੇ ਪੁਲਿਸ ਪ੍ਰਸ਼ਾਸ਼ਨ ਕੋਲ ਪਹੁੰਚ ਵੀ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ। ਥਾਣਾ ਠੁੱਲ੍ਹੀਵਾਲ ਦੇ ਐੱਸਐਚੱਓ ਨੇ ਧੱਕੇ ਨਾਲ ਮਾਮਲੇ ਦਾ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਸਮਝੌਤਾ ਨਾ ਕਰਨ ਉੱਤੇ ਝੂਠਾ ਕੇਸ ਦਰਜ਼ ਕਰਨ ਦੀ ਵੀ ਧਮਕੀ ਦਿੱਤੀ ਹੈ। ਔਰਤ ਨੇ ਕਿਹਾ ਕਿ ਉਹ ਆਪਣੀਆਂ ਤਿੰਨ ਧੀਆਂ ਨਾਲ ਇਨਸਾਫ਼ ਦੀ ਮੰਗ ਕਰ ਰਹੀ ਹੈ ਪਰ ਕੋਈ ਸੁਣਵਾਈ ਨਾ ਹੋਣ ਕਰਕੇ ਮਜਬੂਰੀ ਵਸ ਪਾਣੀ ਵਾਲੀ ਟੈਂਕੀ ਉਪਰ ਚੜ੍ਹਨਾ ਪੈ ਰਿਹਾ ਹੈ। ਪੀੜਤਾ ਨੇ ਕਿਹਾ ਕਿ ਉਸ ਦੇ ਪਤੀ ਤੋਂ ਜ਼ਮੀਨ ਵਿਕਵਾ ਕੇ ਪੈਸਾ ਖਾਧਾ ਜਾ ਰਿਹਾ ਹੈ, ਜਦਕਿ ਉਸ ਦੇ ਜੁਆਕਾਂ ਦਾ ਹੱਕ ਮਾਰਿਆ ਜਾ ਰਿਹਾ ਹੈ। ਬੇਟੀਆਂ ਨੂੰ ਪਾਲਣ ਲਈ ਹੁਣ ਉਸ ਕੋਲ ਕੋਈ ਸਾਧਨ ਨਹੀਂ ਹੈ। ਜਿਸ ਕਰਕੇ ਉਹ ਆਪਣੀ ਜ਼ਮੀਨ ਦਾ ਹੱਕ ਮੰਗ ਰਹੀ ਹੈ। ਜੇਕਰ ਉਹਨਾਂ ਨੂੰ ਕੁੱਟਮਾਰ ਦੇ ਮਾਮਲੇ ਅਤੇ ਜ਼ਮੀਨ ਵਿੱਚੋਂ ਆਪਣਾ ਇਨਸਾਫ਼ ਨਾ ਮਿਲਿਆ ਤਾਂ ਉਹ ਖੁਦਕੁਸ਼ੀ (suicide warning) ਕਰਨ ਲਈ ਮਜਬੂਰ ਹੋਣਗੇ।
ਇਸ ਸਬੰਧੀ ਥਾਣਾ ਠੁੱਲ੍ਹੀਵਾਲ ਦੇ ਐੱਸਐੱਚਓ ਬਲਦੇਵ ਸਿੰਘ ਨੇ ਕਿਹਾ ਕਿ ਮਹਿੰਦਰ ਕੌਰ ਪਤਨੀ ਜੱਗਾ ਸਿੰਘ ਵਾਸੀ ਠੁੱਲ੍ਹੀਵਾਲ ਦਾ ਆਪਣੇ ਪਤੀ ਨਾਲ ਘਰੇਲੂ ਝਗੜਾ ਚੱਲ ਰਿਹਾ ਹੈ। ਦੋ ਦਿਨ ਪਹਿਲਾਂ ਇਹਨਾਂ ਦਾ ਪੰਚਾਇਤ ਦੀ ਹਾਜ਼ਰੀ ਵਿੱਚ ਲਿਖਤੀ ਸਮਝੌਤਾ ਹੋਇਆ ਸੀ ਪਰ ਇਹ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ। ਫਿਲਹਾਲ ਉਹਨਾਂ ਕੋਲ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਆਈ ਹੈ, ਸ਼ਿਕਾਇਤ ਤੋਂ ਬਾਅਦ ਹੀ ਉਹ ਕਾਰਵਾਈ ਕਰ ਸਕਦੇ ਹਨ। ਪੁਲਿਸ ਪਰਿਵਾਰ ਦੇ ਘਰੇਲੂ ਝਗੜੇ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।