ਭਦੌੜ (ਬਰਨਾਲਾ):ਜਿੱਥੇ ਇਸ ਵਾਰ ਠੰਡ ਦੀ ਰੁੱਤ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਰਹੀ ਹੈ ਅਤੇ ਲਗਾਤਾਰ ਸੀਤ ਲਹਿਰ ਚੱਲ ਰਹੀ ਹੈ, ਉਥੇ ਹੀ ਕੈਨੇਡਾ ਵਰਗੇ ਦੇਸ਼ਾਂ ਵਿੱਚ ਜਿਹੜੇ ਸ਼ਹਿਰਾਂ ਵਿੱਚ ਅੱਜ ਤੱਕ ਕਦੇ ਬਰਫ ਨਹੀਂ ਸੀ ਪਈ, ਉੱਥੇ ਅੱਜਕੱਲ ਸੜਕਾਂ, ਘਰਾਂ, ਮੈਦਾਨਾਂ ਅਤੇ ਦਰੱਖਤ ਵੀ ਬਰਫ ਦੀ ਚਿੱਟੀ ਪਰਤ ਨਾਲ ਢੱਕੇ ਪਏ ਹਨ ਅਤੇ ਆਵਾਜਾਈ ਨੂੰ ਪੂਰੀ ਤਰਾਂ ਪ੍ਰਭਾਵਤ ਕੀਤਾ ਹੋਇਆ ਹੈ।
ਤਰੇਲ ਦਾ ਪਾਣੀ ਵੀ ਬਣਿਆ ਬਰਫ਼: ਪੂਰੀ ਦੁਨੀਆਂ ਦੇ ਨਾਲ ਨਾਲ ਹੁਣ ਪੰਜਾਬ ਦਾ ਪਾਰਾ ਵੀ ਦਿਨੋਂ ਦਿਨ ਡਿੱਗਦਾ ਜਾ ਰਿਹਾ ਹੈ ਅਤੇ ਸਵੇਰ ਦਾ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਵੇਰੇ ਗੱਡੀਆਂ ਉੱਤੇ ਪਈ ਤਰੇਲ ਦਾ ਪਾਣੀ ਵੀ ਬਰਫ਼ ਬਣ ਗਿਆ ਅਤੇ ਆਲੂਆਂ ਦੇ ਪੱਤਿਆਂ ਉਪਰ ਪਈਆਂ ਤਰੇਲ ਦੀਆਂ ਬੂੰਦਾਂ ਨੇ ਬਰਫ ਰੂਪੀ ਕੋਹਰੇ ਦਾ ਰੂਪ ਧਾਰਨ ਕਰ ਲਿਆ।
ਗੱਡੀ ਤੇ ਜੰਮੀ ਹੋਈ ਬਰਫ ਦਾ ਦ੍ਰਿਸ਼ ਇਹ ਵੀ ਪੜੋ:ਤਲਵੰਡੀ ਸਾਬੋ ਵਿਖੇ ਡਾਕਟਰ 'ਤੇ ਗੋਲੀਆਂ ਚਲਾਉਣ ਵਾਲੇ ਨੌਜਵਾਨ ਦਾ ਐਨਕਾਊਂਟਰ
ਆਲੂ ਦੀ ਫਸਲ ਲਈ ਬੇਹੱਦ ਨੁਕਸਾਨਦਾਇਕ:ਤਲਵੰਡੀ ਰੋਡ ਦੇ ਰਹਿਣ ਵਾਲੇ ਕਿਸਾਨ ਹਰਮੀਤ ਸਿੰਘ ਨੇ ਦੱਸਿਆ ਕਿ ਇਸ ਸਰਦ ਰੁੱਤ ਦੇ ਕੋਹਰੇ ਦਾ ਪਹਿਲਾ ਦਿਨ ਸੀ ਅਤੇ ਠੰਡ ਨੇ ਬਰਫੀਲੇ ਦਿਨ ਦਾ ਰੂਪ ਧਾਰਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਆਲੂ ਦੇ ਪੱਤਿਆਂ ਉੱਤੇ ਤ੍ਰੇਲ ਵਾਲੀਆਂ ਪਾਣੀ ਦੀਆਂ ਬੂੰਦਾਂ ਵੀ ਬਰਫ (ਕੋਹਰਾ) ਬਣ ਚੁੱਕੀਆਂ ਸਨ ਜੋ ਕਿ ਆਲੂ ਦੀ ਫਸਲ ਲਈ ਬੇਹੱਦ ਨੁਕਸਾਨਦਾਇਕ ਹਨ ਤੇ ਆਲੂ ਦੀ ਫਸਲ ਉੱਤੇ ਇਸਦਾ ਬੇਹੱਦ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਸਨੇ ਵੀ ਕਈ ਏਕੜ ਜ਼ਮੀਨ ਉੱਤੇ ਆਲੂਆਂ ਦੀ ਫਸਲ ਬੀਜੀ ਹੋਈ ਹੈ ਜਿਸ ਦੀ ਪੈਦਾਵਾਰ ਘਟਣ ਦਾ ਉਹਨਾਂ ਨੂੰ ਡਰ ਸਤਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਕੋਹਰਾ ਕਣਕ ਦੇ ਝਾੜ ਵਿੱਚ ਵਾਧਾ ਕਰੇਗਾ।
ਬਰਨਾਲਾ ਰੋਡ ਦੇ ਰਹਿਣ ਵਾਲੇ ਨਵਦੀਪ ਕੁਮਾਰ ਸਿੰਗਲਾ ਨੇ ਦੱਸਿਆ ਕਿ ਉਸਦੀ ਗੱਡੀ ਪੀ ਬੀ 19 ਐਫ 6920 ਜੋ ਕਿ ਬਾਹਰ ਉਸਦੇ ਵਿਹੜੇ ਵਿੱਚ ਖੜ੍ਹੀ ਸੀ ਉਸ ਉੱਤੇ ਪਈ ਹੋਈ ਤ੍ਰੇਲ ਦੀਆਂ ਬੂੰਦਾਂ ਨੇ ਬਰਫ ਦਾ ਰੂਪ ਧਾਰਨ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਅੱਜ ਤੱਕ ਕਦੇ ਵੀ ਉਨ੍ਹਾਂ ਨੇ ਆਪਣੀ ਗੱਡੀ ਉੱਪਰ ਬਰਫ ਜੰਮੀ ਨਹੀਂ ਦੇਖੀ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਅੱਜ ਉਸ ਨੇ ਇਸ ਸਰਦੀ ਦਾ ਸਭ ਤੋਂ ਠੰਢਾ ਦਿਨ ਵੇਖਿਆ ਅਤੇ ਅੱਜ ਮੌਸਮ ਵਿਭਾਗ ਅਨੁਸਾਰ ਵੀ 2 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਜੋ ਕਿ ਪਤਲੀਆਂ ਪਾਣੀ ਦੀਆਂ ਪਰਤਾਂ ਨੂੰ ਜਮਾਉਣ ਲਈ ਕਾਫ਼ੀ ਕਾਰਗਰ ਦੱਸਿਆ ਜਾਂਦਾ ਹੈ।
ਇਹ ਵੀ ਪੜੋ:Love horoscope: ਤੁਹਾਡੀ ਰਾਸ਼ੀ ਕਿਵੇਂ ਪਾਵੇਗੀ ਤੁਹਾਡੇ ਪਿਆਰ 'ਤੇ ਅਸਰ, ਜਾਣੋ ਲਵ ਰਾਸ਼ੀਫਲ ਦੇ ਨਾਲ
ਮੌਸਮ ਵਿਭਾਗ ਅਨੁਸਾਰ 17-18 ਜਨਵਰੀ ਨੂੰ ਭਾਰਤ ਦੇ ਉੱਤਰ-ਪੱਛਮੀ ਅਤੇ ਮੱਧ ਖੇਤਰਾਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਦੋ ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਸੀਤ ਲਹਿਰ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ, '16 ਤੋਂ 18 ਜਨਵਰੀ ਦਰਮਿਆਨ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ।'
ਧੁੰਦ ਦੀ ਚਿਤਾਵਨੀ:ਮੌਸਮ ਵਿਭਾਗ ਦੇ ਅਧਿਕਾਰੀ ਦੇ ਬਿਆਨ ਦੇ ਅਨੁਸਾਰ 17 ਜਨਵਰੀ ਨੂੰ ਦਿਨ ਦੇ ਸਮੇਂ ਦੌਰਾਨ ਉੱਤਰੀ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ 15-20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰੀ ਰਾਜਸਥਾਨ ਅਤੇ ਉੱਤਰੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 18 ਜਨਵਰੀ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਐਤਵਾਰ ਨੂੰ ਪੰਜਾਬ, ਰਾਜਸਥਾਨ, ਹਰਿਆਣਾ, ਦਿੱਲੀ ਅਤੇ ਪੱਛਮੀ ਮੱਧ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਸੀਤ ਲਹਿਰ ਕਾਰਨ ਠੰਡ ਕਾਫੀ ਵਧ ਗਈ ਹੈ। ਮੌਸਮ ਵਿਭਾਗ ਅਨੁਸਾਰ ਰਾਜਸਥਾਨ ਦੇ ਉੱਤਰ-ਪੱਛਮੀ ਅਤੇ ਦੱਖਣ-ਪੂਰਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਇੱਕ ਤੋਂ ਤਿੰਨ ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ, ਦਿੱਲੀ ਅਤੇ ਦੱਖਣ-ਪੱਛਮੀ ਉੱਤਰ ਪ੍ਰਦੇਸ਼ ਵਿੱਚ ਘੱਟੋ-ਘੱਟ ਤਾਪਮਾਨ ਤਿੰਨ ਤੋਂ ਪੰਜ ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ।