ਪੰਜ ਦਿਨਾਂ ਤੋਂ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਬੰਦ, ਲੋਕ ਪਰੇਸ਼ਾਨ ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਵਿਖੇ ਅੱਤ ਦੀ ਗਰਮੀ ਵਿੱਚ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਬੰਦ ਪਈ ਹੈ, ਜਿਸ ਕਾਰਨ ਪਿੰਡ ਦੇ ਲੋਕ ਪਰੇਸ਼ਾਨ ਹਨ। ਪੰਜ ਦਿਨਾਂ ਤੋਂ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀ ਵੀ ਕੁੰਭਕਰਨੀ ਨੀਂਦ ਸੁੱਤੇ ਹਨ। ਪਿੰਡ ਵਾਸੀਆਂ ਵਲੋਂ ਇਸ ਸਮੱਸਿਆ ਤੋਂ ਜਾਣੂੰ ਕਰਵਾਏ ਜਾਣ ਦੇ ਬਾਵਜੂਦ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਇਸ ਸਬੰਧੀ ਅੱਜ ਪ੍ਰਭਾਵਿਤ ਲੋਕਾਂ ਵਲੋਂ ਵਿਭਾਗ ਅਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਰੋਸ ਵੀ ਜ਼ਾਹਰ ਕੀਤਾ ਗਿਆ।
ਪੀਣ ਲਈ ਪਾਣੀ ਦੀ ਬੂੰਦ ਵੀ ਨਹੀਂ :ਇਸ ਮੌਕੇ ਸੱਤਪਾਲ ਸਿੰਘ, ਗੋਰਾ ਸਿੰਘ, ਪ੍ਰਭਦੀਪ ਸਿੰਘ, ਜਸਪ੍ਰੀਤ ਸਿੰਘ, ਸਤਨਾਮ ਸਿੰਘ, ਗੁਰਮੀਤ ਕੌਰ, ਅਤੇ ਮਨਦੀਪ ਕੌਰ ਨੇ ਕਿਹਾ ਕਿ ਪੰਜ ਦਿਨਾਂ ਤੋਂ ਪਾਣੀ ਨਾ ਆਉਣ ਕਾਰਨ ਉਹ ਪ੍ਰੇਸ਼ਾਨ ਹਨ। ਘਰਾਂ ਵਿੱਚ ਪਸ਼ੂਆਂ ਤੇ ਖ਼ੁਦ ਨੂੰ ਨਹਾਉਣ, ਕੱਪੜੇ ਆਦਿ ਧੋਣੇ ਤਾਂ ਦੂਰ ਦੀ ਗੱਲ ਪੀਣ ਲਈ ਪਾਣੀ ਦੀ ਬੂੰਦ ਨਹੀਂ ਹੈ। ਸਮਰਸੀਬਲ ਵਾਲੇ ਘਰਾਂ ਤੋਂ ਪਾਣੀ ਭਰ ਰਹੇ ਹਾਂ। ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰੀ ਦੱਸ ਚੁੱਕੇ ਹਾਂ, ਪਰ ਕੋਈ ਹੱਲ ਨਹੀਂ ਕੀਤਾ ਜਾ ਰਿਹਾ।
ਅਧਿਕਾਰੀਆਂ ਨੇ ਮਿਸਤਰੀ ਕੋਲੋਂ ਕੰਮ ਕਰਵਾ ਕੇ ਨਹੀਂ ਦਿੱਤੇ ਸੀ ਪੈਸੇ :ਉਨ੍ਹਾਂ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਵਾਟਰ ਵਰਕਸ ਦੀ ਮੋਟਰ ਖ਼ਰਾਬ ਹੋ ਗਈ ਸੀ, ਜਿਸਨੂੰ ਵਿਭਾਗੀ ਅਧਿਕਾਰੀਆਂ ਨੇ ਪਿੰਡ ਦੇ ਮਿਸਤਰੀ ਕੋਲੋਂ ਠੀਕ ਕਰਵਾਇਆ ਸੀ, ਪਰ ਕਈ ਮਹੀਨੇ ਬੀਤ ਜਾਣ ਉਤੇ ਉਕਤ ਮਿਸਤਰੀ ਦੇ ਪੈਸੇ ਨਹੀਂ ਦਿੱਤੇ ਗਏ। ਵਿਭਾਗ ਵਲੋਂ ਮਿਸਤਰੀ ਦੇ ਪੈਸੇ ਨਾ ਦਿੱਤੇ ਜਾਣ ਕਾਰਨ ਮਿਸਤਰੀ ਨੇ ਅੱਕ ਕੇ ਮੋਟਰ ਦਾ ਸਟਾਟਰ ਲਾਹ ਲਿਆ। ਇਸੇ ਕਾਰਨ ਪੰਜ ਦਿਨਾਂ ਤੋਂ ਵਾਟਰ ਵਰਕਰ ਦੀ ਮੋਟਰ ਬੰਦ ਪਈ ਹੈ ਅਤੇ ਉਹਨਾਂ ਦੇ ਘਰਾਂ ਵਿੱਚ ਪਾਣੀ ਨਹੀਂ ਆ ਰਿਹਾ। ਉਹਨਾਂ ਮੰਗ ਕੀਤੀ ਕਿ ਜਿੱਥੇ ਵਿਭਾਗ ਮਿਸਤਰੀ ਦੇ ਬਣਦੇ ਪੈਸੇ ਦੇਵੇ, ਉਥੇ ਜਲਦ ਤੋਂ ਜਲਦ ਇਸ ਮੋਟਰ ਨੂੰ ਚਾਲੂ ਕਰਕੇ ਲੋਕਾਂ ਨੂੰ ਪਾਣੀ ਦੀ ਸਪਲਾਈ ਚਾਲੂ ਕੀਤੀ ਜਾਵੇ।
ਅੱਜ ਹੀ ਪਾਣੀ ਦੀ ਸਪਲਾਈ ਕਰਵਾਈ ਜਾਵੇਗੀ ਸ਼ੁਰੂ :ਇਸ ਸਬੰਧੀ ਵਿਭਾਗ ਦੇ ਐਸਡੀਓ ਜਤਿੰਦਰ ਸਿੰਘ ਨੇ ਕਿਹਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ। ਅੱਜ ਹੀ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਚਾਲੂ ਕਰਵਾ ਦਿੱਤੀ ਜਾਵੇਗੀ। ਉਹਨਾਂ ਨਾਲ ਹੀ ਕਿਹਾ ਕਿ ਪਿੰਡ ਵਿੱਚੋਂ 250 ਦੇ ਕਰੀਬ ਵਾਟਰ ਵਰਕਰ ਦੇ ਕਨੈਕਸ਼ਨ ਹਨ, ਪਰ ਲੋਕਾਂ ਵਲੋਂ ਮਹੀਨੇ ਦਾ 50 ਰੁਪਏ ਬਿੱਲ ਵੀ ਨਹੀਂ ਭਰਿਆ ਜਾ ਰਿਹਾ। ਕਿਉਂਕਿ ਸਰਕਾਰ ਦੇ ਹੁਕਮ ਅਨੁਸਾਰ ਇਸੇ ਬਿੱਲ ਦੀ ਰਾਸ਼ੀ ਨਾਲ ਹੀ ਵਾਟਰ ਵਰਕਸ ਦੇ ਖ਼ਰਚੇ ਚਲਾਉਣੇ ਹੁੰਦੇ ਹਨ, ਜਿਸ ਕਰਕੇ ਲੋਕਾਂ ਨੂੰ ਵੀ ਸਹਿਯੋਗ ਦੇਣ ਦੀ ਲੋੜ ਹੈ।