ਬਰਨਾਲਾ: ਕੁਦਰਤ ਦੀ ਕਰੋਪੀ ਨੇ ਇੱਕ ਵਾਰ ਮੁੜ ਪੰਜਾਬ ਦੇ ਕਿਸਾਨਾਂ ਦੀਆਂ ਸਧਰਾਂ ਉੱਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਪੰਜਾਬ ਵਿੱਚ ਬੇਮੌਸਮੇ ਮੀਂਹ ਦਾ ਦੌਰ ਜਾਰੀ ਹੈ ਅਤੇ ਲਗਾਤਾਰ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਭਾਵੇਂ ਠੰਢ ਨੇ ਮੁੜ ਦਸਤਕ ਦੇ ਦਿੱਤੀ ਹੈ, ਪਰ ਇਸ ਮੀਂਹ ਨੇ ਕਿਸਾਨਾਂ ਦੀਆਂ ਰੰਗ ਵਟਾ ਰਹੀਆਂ ਫਸਲਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਕੀਤਾ ਹੈ। ਖ਼ਾਸ ਤੌਰ ਉੱਤੇ ਕਣਕ ਦੀ ਫ਼ਸਲ ਬੁਰੀ ਤਰ੍ਹਾਂ ਨਾਲ ਇਸ ਮੀਂਹ ਅਤੇ ਗੜ੍ਹੇਮਾਰੀ ਨਾਲ ਝੰਭੀ ਗਈ ਹੈ। ਬਰਨਾਲਾ ਜ਼ਿਲ੍ਹੇ ਵਿੱਚ ਬੀਤੇ ਕੱਲ੍ਹ ਤੇਜ਼ਧਾਰ ਮੀਂਹ ਅਤੇ ਗੜ੍ਹੇਮਾਰੀ ਹੋਈ ਹੈ। ਜਿਸ ਕਾਰਨ ਕਣਕ, ਸਰ੍ਹੋਂ ਸਮੇਤ ਸਬਜ਼ੀ ਦੀਆਂ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ। ਖੇਤਾਂ ਵਿੱਚ ਕਣਕ ਦੀ ਖੜੀ ਫ਼ਸਲ ਧਰਤੀ ਉੱਤੇ ਵਿਛ ਗਈ ਹੈ। ਜਿਸ ਕਰਕੇ ਫ਼ਸਲ ਦੇ ਝਾੜ ਉੱਤੇ ਵੱਡਾ ਅਸਰ ਪੈਣ ਦਾ ਡਰ ਕਿਸਾਨਾਂ ਨੂੰ ਸਤਾਉਣ ਲੱਗਿਆ ਹੈ।
ਮੀਂਹ ਦੇ ਨਾਲ ਗੜ੍ਹੇ: ਇਸ ਸਬੰਧੀ ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਕੱਲ੍ਹ ਰਾਤ ਮੀਂਹ ਦੇ ਨਾਲ ਗੜ੍ਹੇ ਵੀ ਪਏ ਹਨ। ਇਸ ਨਾਲ ਕਣਕ ਸਮੇਤ ਸਾਰੀਆਂ ਫ਼ਸਲਾਂ ਨੁਕਸਾਨੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ, ਜੋ ਕਿ ਲਗਭਗ ਸਾਰੇ ਹੀ ਕਿਸਾਨਾਂ ਦਾ ਹੋਇਆ ਹੈ। ਉਹਨਾਂ ਦੱਸਿਆ ਕਿ ਮੀਂਹ, ਤੇਜ਼ ਹਨੇਰੀ ਅਤੇ ਗੜ੍ਹੇਮਾਰੀ ਨੇ ਫ਼ਸਲ ਨੂੰ ਧਰਤੀ ਉੱਤੇ ਸੁੱਟ ਦਿੱਤਾ ਹੈ। ਜਿਸ ਨਾਲ ਹੁਣ ਕਣਕ ਦੇ ਛਿੱਟਿਆਂ ਵਿੱਚ ਬਣਨ ਵਾਲੇ ਦਾਣੇ ਨੂੰ ਨੁਕਸਾਨ ਹੋਵੇਗਾ। ਜਿਸ ਨਾਲ ਫ਼ਸਲ ਦੇ ਝਾੜ ਉੱਤੇ 50 ਫ਼ੀਸਦੀ ਅਸਰ ਪੈਣ ਦੇ ਆਸਾਰ ਹਨ।