ਬਰਨਾਲਾ: 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਨੇ ਘਰ-ਘਰ ਨੌਕਰੀ ਦਾ ਵਾਅਦਾ ਕਰ ਕੇ ਸੂਬੇ 'ਚ ਸਰਕਾਰ ਬਣਾਈ ਸੀ। ਤਕਰੀਬਨ ਸਰਕਾਰ ਨੂੰ 3 ਸਾਲ ਦਾ ਅਰਸਾ ਹੋ ਚੁੱਕਿਆ ਹੈ ਪਰ ਸਰਕਾਰ ਦਾ ਘਰ-ਘਰ ਨੌਕਰੀਆਂ ਵਾਲਾ ਵਾਅਦਾ ਵਫਾ ਹੁੰਦਾ ਵਿਖਾਈ ਨਹੀਂ ਦੇ ਰਿਹਾ। ਇਸ ਦੀ ਮੂੰਹ ਬੋਲ ਦੀ ਤਸਵੀਰ ਸੂਬੇ ਦੇ ਕਈ ਹਿੱਸਿਆਂ 'ਚੋਂ ਕੋਰੋਨਾ ਸਕੰਟ ਦੌਰਾਨ ਵੇਖਣ ਨੂੰ ਮਿਲੀ ਜਦੋਂ ਬੀ.ਐੱਡ, ਈਟੀਟੀ ਅਤੇ ਹੋਰ ਉੱਚੇਰੀਆਂ ਵਿਦਿਅਕ ਯੋਗਵਾਤਾਂ ਵਾਲੇ ਬੇਰੁਜ਼ਗਾਰ ਅਧਿਆਪਕ ਖੇਤਾ ਵਿੱਚ ਝੋਨਾ ਲਗਾਉਣ ਦੀ ਮਜ਼ਦੂਰੀ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ।
'ਮਾਸਟਰ ਜੀ' ਝੋਨਾ ਲਾਓ ਜਾਂ ਡਾਗਾਂ ਖਾਓ ਇਨ੍ਹਾਂ ਖ਼ਬਰਾਂ ਦੇ ਆਉਣ ਤੋਂ ਬਾਅਦ ਸਾਡੀ ਟੀਮ ਨੇ ਇਨ੍ਹਾਂ ਬੇਰੁਜ਼ਗਾਰਾਂ ਨਾਲ ਗੱਲਬਾਤ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਇੱਕ ਨਹੀਂ ਇੱਕ ਤੋਂ ਵੱਧ ਪੇਸ਼ੇਵਰ ਯੋਗਤਾਵਾਂ ਰੱਖਦਣ ਦੇ ਬਾਵਜ਼ੂਦ ਜਾਂ ਤਾਂ ਪੁਲਿਸ ਦੀਆਂ ਡਾਗਾਂ ਦਾ ਸ਼ਿਕਾਰ ਹੋ ਰਹੇ ਹਨ ਜਾਂ ਫ਼ਿਰ ਇਸ ਤਰ੍ਹਾਂ ਨਾਲ ਮਜ਼ਦੂਰੀ ਕਰਨ ਲਈ ਮਜ਼ਬੂਰ ਹੋ ਰਹੇ ਹਨ।
ਬੇਰੁਜ਼ਗਾਰ ਅਧਿਆਪਕ ਕੁਲਵੰਤ ਲੌਂਗੋਵਾਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਬੀਐੱਡ ਟੈੱਟ ਪਾਸ ਹਨ ਪਰ ਪਰਿਵਾਰਾਂ ਦੇ ਗੁਜ਼ਾਰਾ ਕਰਨ ਲਈ ਮਜਬੂਰੀ ਵੱਸ ਝੋਨਾ ਲਗਾ ਰਹੇ ਹਨ, ਕਿਉਂਕਿ ਕੋਰੋਨਾ ਵਾਇਰਸ ਦੇ ਲੋਕਡਾਊਣ ਤੋਂ ਪਹਿਲਾਂ ਉਹ ਪ੍ਰਾਈਵੇਟ ਸਕੂਲਾਂ ਵਿੱਚ ਨੌਕਰੀ ਕਰਦੇ ਸਨ ਪਰ ਹੁਣ ਉਨ੍ਹਾਂ ਨੂੰ ਕੋਈ ਤਨਖਾਹ ਨਹੀਂ ਦਿੱਤੀ ਗਈ। ਇਸ ਕਰਕੇ ਝੋਨਾ ਲਗਾਉਣਾ ਉਨ੍ਹਾਂ ਦੀ ਮਜਬੂਰੀ ਬਣ ਗਿਆ ਹੈ। ਸਰਕਾਰ ਵੱਲੋਂ ਵੀ ਕੋਈ ਨੌਕਰੀ ਨਹੀਂ ਦਿੱਤੀ ਜਾ ਰਹੀ।
ਇਸ ਮੌਕੇ ਬੇਰੁਜ਼ਗਾਰ ਅਧਿਆਪਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਡੱਬਲ ਐਮਏ, ਬੀਐਡ, ਟੈੱਟ ਪਾਸ, ਲਾਇਬ੍ਰੇਰੀਅਨ ਕੋਰਸ, ਗਿਆਨੀ ਦੀ ਡਿਗਰੀ ਹਾਸਲ ਕਰ ਚੁੱਕਾ ਹੈ, ਪਰ ਸਰਕਾਰ ਵੱਲੋਂ ਅਜੇ ਤੱਕ ਉਸ ਨੂੰ ਕੋਈ ਵੀ ਨੌਕਰੀ ਨਹੀਂ ਦਿੱਤੀ ਗਈ। ਸਾਡੀਆਂ ਪੜ੍ਹਾਈਆਂ ਦਾ ਜਿੰਨਾ ਖਰਚ ਹੋਇਆ ਹੈ ਉਸ ਦਾ ਅੱਧਾ ਮੁੱਲ ਵੀ ਨਹੀਂ ਮੁੜ ਰਿਹਾ। ਮਾਂ-ਬਾਪ ਨੂੰ ਸਾਡੇ ਤੋਂ ਇੱਕੋ ਆਸ ਹੈ ਕਿ ਉਨ੍ਹਾਂ ਦਾ ਪੁੱਤ ਉਨ੍ਹਾਂ ਦੇ ਜਿਉਂਦੇ ਜੀ ਕਿਸੇ ਸਰਕਾਰੀ ਨੌਕਰੀ 'ਤੇ ਲੱਗ ਜਾਵੇ। ਪਰ ਸਰਕਾਰ ਦੀ ਨੀਅਤ ਤੋਂ ਲੱਗਦਾ ਹੈ ਕਿ ਅਜਿਹੀ ਨੌਕਰੀ ਉਨ੍ਹਾਂ ਨੂੰ ਕਦੇ ਨਸੀਬ ਨਹੀਂ ਹੋਵੇਗੀ।
ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ ਨੇ ਕਿਹਾ ਕਿ ਕੈਪਟਨ ਸਰਕਾਰ ਸੱਤਾ ਵਿੱਚ ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਆਈ ਸੀ, ਪਰ ਸਰਕਾਰ ਨੇ ਇਸਦੇ ਉਲਟ ਘਰ-ਘਰ ਸ਼ਰਾਬ ਅਤੇ ਨਸ਼ਾ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਸਰਕਾਰ ਵੱਲੋਂ ਸੂਬੇ ਦੀ ਨੌਜਵਾਨੀ ਦਾ ਘਾਣ ਕੀਤਾ ਜਾ ਰਿਹਾ ਹੈ।
ਪੰਜਾਬ ਵਿੱਚ ਇਸ ਵਕਤ ਸਰਕਾਰੀ ਸਕੂਲਾਂ ਦੀਆਂ 60 ਹਜ਼ਾਰ ਦੇ ਕਰੀਬ ਅਸਾਮੀਆਂ ਖ਼ਾਲੀ ਹਨ, ਜਿਨ੍ਹਾਂ ਦੇ ਉਚੇਰੀਆਂ ਪੜ੍ਹਾਈਆਂ ਕਰ ਚੁੱਕੇ ਬੇਰੁਜ਼ਗਾਰਾਂ ਨੂੰ ਨੌਕਰੀ ਦਿੱਤੀ ਜਾ ਸਕਦੀ ਹੈ। ਐਮਏ, ਬੀਐੱਡ ਪਾਸ ਬੇਰੁਜ਼ਗਾਰ ਆਪਣੇ ਘਰਾਂ ਦੇ ਗੁਜ਼ਾਰੇ ਕਰਨ ਲਈ ਮਜਬੂਰੀ ਵੱਸ ਝੋਨਾ ਲਗਾ ਰਹੇ ਹਨ ਭੱਠਿਆਂ ਤੇ ਮਜ਼ਦੂਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੰਮ ਕੋਈ ਵੀ ਮਾੜਾ ਨਹੀਂ ਹੈ, ਪਰ ਉਚੇਰੀਆਂ ਪੜ੍ਹਾਈਆਂ ਕਰਨ ਵਾਲੇ ਅਧਿਆਪਕਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਕੰਮ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਤੋਂ ਸਰੀਰਕ ਕੰਮ ਦੀ ਬਜਾਏ ਦਿਮਾਗੀ ਪੜ੍ਹਾਈ ਲਿਖਾਈ ਵਾਲਾ ਕੰਮ ਲਿਆ ਜਾਣਾ ਚਾਹੀਦਾ ਹੈ।