ਬਰਨਾਲਾ:ਬੇਰੁਜ਼ਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਸੈਂਕੜੇ ਬੇਰੁਜ਼ਗਾਰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਬਰਨਾਲਾ ਵਿੱਚ ਅੱਜ ਪਹੁੰਚੇ। ਜਿਨ੍ਹਾਂ ਨੂੰ ਬਰਨਾਲਾ ਪੁਲਿਸ ਵੱਲੋਂ ਕਚਹਿਰੀ ਚੌਕ ਵਿੱਚ ਹੀ ਰੋਕ ਲਿਆ ਗਿਆ। ਪ੍ਰਦਰਸ਼ਨਕਾਰੀ ਆਰਟ ਐਂਡ ਕਰਾਫਟ ਵਿਸ਼ੇ ਵਿੱਚ ਹੋ ਰਹੀਆਂ ਭਰਤੀਆਂ ਸਬੰਧੀ ਕੀਤੇ ਗਏ ਬਦਲਾਅ ਨੂੰ ਲੈ ਕੇ ਪ੍ਰਦਰਸ਼ਨ ਕਰਨ ਪਹੁੰਚੇ ਸੀ।
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਬੇਰੁਜ਼ਗਾਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਰਟ ਐਂਡ ਕਰਾਫਟ ਵਿਸ਼ੇ ਲਈ ਅਧਿਆਪਕਾਂ ਦੀ ਨਿਯੁਕਤੀ ਸਬੰਧੀ ਪਹਿਲਾਂ ਦਸਵੀਂ ਤੋਂ ਬਾਅਦ ਦੋ ਸਾਲਾਂ ਦੇ ਆਰਟ ਐਂਡ ਕਰਾਫਟ ਡਿਪਲੋਮੇ ਨੂੰ ਆਧਾਰ ਮੰਨਿਆ ਜਾਂਦਾ ਸੀ, ਪਰ ਇਸ ਤੋਂ ਬਾਅਦ ਇਸ ਪੋਸਟ ਲਈ ਪੜ੍ਹਾਈ ਦਾ ਆਧਾਰ ਬੀਐਡ ਦੀ ਡਿਗਰੀ ਨੂੰ ਲਾਜ਼ਮੀ ਬਣਾ ਦਿੱਤਾ ਗਿਆ। ਜਿਸ ਦਾ ਪੰਜਾਬ ਭਰ ਦੇ ਹਜ਼ਾਰਾਂ ਆਰਟ ਐਂਡ ਕਰਾਫਟ ਬੇਰੁਜ਼ਗਾਰ ਅਧਿਆਪਕ ਵਿਰੋਧ ਕਰਦੇ ਆ ਰਹੇ ਹਨ।
ਇਸ ਫ਼ੈਸਲੇ ਨਾਲ ਹਜ਼ਾਰਾਂ ਬੇਰੁਜ਼ਗਾਰਾਂ ਦੇ ਨੌਕਰੀ ਪ੍ਰਾਪਤ ਕਰਨ ਦੇ ਸੁਪਨੇ ਨੂੰ ਢਾਅ ਲੱਗੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਆਪਣੀ ਇਸ ਮੰਗ ਨੂੰ ਲੈ ਕੇ ਉਹ ਕਈ ਵਾਰ ਸਿੱਖਿਆ ਮੰਤਰੀ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਜਿਸ ਕਰਕੇ ਉਨ੍ਹਾਂ ਨੂੰ ਰੋਸ ਵਜੋਂ ਅੱਜ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਲਈ ਆਉਣਾ ਪਿਆ ਹੈ।