ਬਰਨਾਲਾ: ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੀਆਂ 500 ਕਿਸਾਨ ਜਥੇਬੰਦੀਆਂ ਦੇ 26 ਅਤੇ 27 ਨਵੰਬਰ ਨੂੰ ਸੱਦੇ ਤਹਿਤ ਕਿਸਾਨਾਂ ਨੇ ਦਿੱਲੀ ਜਾਣ ਦੀਆਂ ਤਿਆਰੀਆਂ ਜ਼ੋਰਾਂ ਨਾਲ ਅਰੰਭ ਦਿੱਤੀ ਹੈ। ਤਿਆਰੀ ਦੇ ਮੱਦੇਨਜ਼ਰ ਕਿਸਾਨਾਂ ਨੇ ਪੰਜਾਬ ਭਰ ਵਿੱਚ ਰਾਸ਼ਨ ਅਤੇ ਫ਼ੰਡ ਇਕੱਠਾ ਕਰਨ ਦੀ ਮੁਹਿੰਮ ਅਰੰਭੀ ਹੋਈ ਹੈ। ਕਿਸਾਨਾਂ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਿੱਲੀ ਲਈ ਪੂਰੀ ਤਰ੍ਹਾਂ ਕਮਰਕਸੇ ਕੱਸਦੇ ਹੋਏ ਤਿਆਰੀ ਮੁਕੰਮਲ ਕਰ ਲਈ ਹੈ। ਰਾਸ਼ਨ ਅਤੇ ਫ਼ੰਡ ਇਕੱਠਾ ਕਰਨ ਦੇ ਨਾਲ-ਨਾਲ ਲੋਕਾਂ ਨੂੰ ਦਿੱਲੀ ਜਾਣ ਲਈ ਵੀ ਲਾਮਬੰਦ ਕੀਤਾ ਜਾ ਰਿਹਾ ਹੈ।
ਸ਼ੁੱਕਰਵਾਰ ਜ਼ਿਲ੍ਹੇ ਦੇ ਪਿੰਡ ਖੁੱਡੀ ਕਲਾਂ ਵਿੱਚ ਵੀ ਕਿਸਾਨਾਂ ਨੇ ਲੋਕਾਂ ਨੂੰ ਲਾਮਬੰਦ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਰਾਸ਼ਨ ਤੇ ਫ਼ੰਡ ਇਕੱਠਾ ਕੀਤਾ। ਇਸ ਦੌਰਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਪਹਿਲੇ ਹੀ ਦਿਨ ਤੋਂ ਪੰਜਾਬ ਦੇ ਕਿਸਾਨ ਸੰਘਰਸ਼ ਕਰ ਰਹੇ ਹਨ। ਕਿਸਾਨ ਪਰਿਵਾਰਾਂ ਦਾ ਬੱਚਾ-ਬੱਚਾ ਇਸ ਸੰਘਰਸ਼ ’ਚ ਹਿੱਸਾ ਲੈ ਰਿਹਾ ਹੈ। ਦੋ ਮਹੀਨੇ ਬੀਤਣ ਦੇ ਬਾਅਦ ਵੀ ਲੋਕਾਂ ’ਚ ਸੰਘਰਸ਼ ਨੂੰ ਲੈ ਕੇ ਪਹਿਲਾਂ ਜਿੰਨਾ ਹੀ ਜੋਸ਼ ਅਤੇ ਉਤਸ਼ਾਹ ਹੈ।