ਬਰਨਾਲਾ: ਪੰਜਾਬ ਵਿਧਾਨ ਸਭਾ ਚੋਣਾਂ ਦਾ ਅੱਜ ਚੋਣ ਪ੍ਰਚਾਰ ਲਈ ਆਖ਼ਰੀ ਦਿਨ ਹੈ। ਅੱਜ ਸ਼ੁੱਕਰਵਾਰ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਰੋਡ ਸ਼ੋਅ ਕੱਢ ਕੇ ਆਪਣਾ ਚੋਣ ਪ੍ਰਚਾਰ ਸਮਾਪਤ ਕੀਤਾ ਗਿਆ। ਬਰਨਾਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ, ਅਕਾਲੀ ਉਮੀਦਵਾਰ ਕੁਲਵੰਤ ਸਿੰਘ ਕੀਤੂ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਬਾਂਸਲ ਵੱਲੋਂ ਵੱਡੇ ਕਾਫ਼ਲਿਆਂ ਨਾਲ ਰੋਡ ਸ਼ੋਅ ਕੱਢ ਕੇ ਆਪਣਾ ਚੋਣ ਪ੍ਰਚਾਰ ਕੀਤਾ।
ਆਮ ਆਦਮੀ ਪਾਰਟੀ
ਇਸ ਮੌਕੇ ਗੱਲਬਾਤ ਕਰਦਿਆਂ ਆਪ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਬਦਲਾਅ ਚਾਹੁੰਦੇ ਹਨ। ਜਿਸ ਕਰਕੇ ਜਿੱਥੇ ਬਰਨਾਲਾ ਜ਼ਿਲ੍ਹੇ ਦੀਆਂ ਤਿੰਨੇ ਸੀਟਾਂ ਆਪ ਦੀ ਪਾਰਟੀ ਜਿੱਤ ਰਹੇਗੀ। ਉੱਥੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ।
ਚੋਣ ਪ੍ਰਚਾਰ ਲਈ ਆਖ਼ਰੀ ਦਿਨ: ਦਾਅਵਾ ਸਾਰੀਆਂ ਪਾਰਟੀਆਂ ਦਾ, ਜਿੱਤ ਕਿਸਦੀ? ਕਾਂਗਰਸ ਪਾਰਟੀ
ਉੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਬਾਂਸਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵਾਰ ਬਰਨਾਲਾ ਹਲਕੇ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਅੱਜ ਪਿੰਡਾਂ ਅਤੇ ਸ਼ਹਿਰ ਤੋਂ ਵੱਡੀ ਗਿਣਤੀ ਵਿੱਚ ਲੋਕ ਆਪ ਮੁਹਾਰੇ ਰੋਡ ਸ਼ੋਅ ਵਿੱਚ ਸ਼ਾਮਲ ਹੋਏ ਹਨ, ਜੋ ਕਾਂਗਰਸ ਪਾਰਟੀ ਦੀ ਜਿੱਤ 'ਤੇ ਮੋਹਰ ਲਗਾ ਰਹੇ ਹਨ। ਉਹ ਵੱਡੀ ਲੀਡ ਨਾਲ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ।
ਸ਼੍ਰੋਮਣੀ ਅਕਾਲੀ ਦਲ ਪਾਰਟੀ
ਉਥੇ ਅਕਾਲੀ ਉਮੀਦਵਾਰ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਬਰਨਾਲਾ ਹਲਕੇ ਵਿੱਚ ਇਸ ਵਾਰ ਅਕਾਲੀ ਦਲ ਦੀ ਹਨੇਰੀ ਝੁੱਲੀ ਹੋਈ ਹੈ। ਮੇਰੇ ਪਿਤਾ ਸਵਰਗਵਾਸੀ ਮਲਕੀਤ ਸਿੰਘ ਕੀਤੂ ਵੱਲੋਂ ਕੀਤੇ ਹੋਏ ਲੋਕ ਭਲਾਈ ਕੰਮਾਂ ਨੂੰ ਲੋਕ ਅੱਜ ਵੀ ਯਾਦ ਰੱਖ ਰਹੇ ਹਨ। ਜਿਸ ਕਰਕੇ ਉਹ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ।
ਇਹ ਵੀ ਪੜ੍ਹੋ:ਪੰਜਾਬ ਦੇ ਲੋਕਾਂ ਨੂੰ ਡਬਲ ਇੰਜਣ ਸਰਕਾਰ ਦੀ ਲੋੜ: ਹਰਦੀਪ ਪੁਰੀ