ਬਰਨਾਲਾ:ਕੇਂਦਰ ਸਰਕਾਰ (Central Government) ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨ (kissan struggle ) ਦਿੱਲੀ ਦੀਆਂ ਹੱਦਾਂ ‘ਤੇ 9 ਮਹੀਨਿਆਂ ਤੋਂ ਜਾਰੀ ਹੈ। ਪੰਜਾਬ ਭਰ ਵਿੱਚੋਂ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਕਿਸਾਨੀ ਸੰਘਰਸ਼ ਵਿੱਚ ਆਪਣੀ ਸ਼ਮੂਲੀਅਤ ਕਰ ਰਹੇ ਹਨ। ਜਿਸਦੇ ਚੱਲਦਿਆਂ ਤਪਾ ਮੰਡੀ ਦੇ ਨੇੜਲੇ ਪਿੰਡ ਤਾਜੋਕੇ ਦਾ 30 ਸਾਲ ਦਾ ਨੌਜਵਾਨ ਕਿਸਾਨ ਜਗਤਾਰ ਸਿੰਘ ਵੀ 8 ਦਸੰਬਰ 2020 ਤੋਂ ਦਿੱਲੀ ਦੇ ਟਿਕਰੀ ਬਾਰਡਰ ‘ਤੇ ਕਿਸਾਨੀ ਸੰਘਰਸ਼ ਵਿੱਚ ਆਪਣਾ ਸਹਿਯੋਗ ਦੇਣ ਲਈ ਗਿਆ ਹੋਇਆ ਸੀ।
ਕਿਸਾਨ ਜਗਤਾਰ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਰਾਹੀਂ ਦਿੱਲੀ ਗਿਆ ਪਰ 9 ਮਹੀਨੇ ਬਾਅਦ ਘਰ ਵਾਪਸੀ ਦੌਰਾਨ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਰਸਤੇ ਵਿੱਚ ਪਿੰਡ ਆਉਣ ਸਮੇਂ ਟਰੇਨ ਵਿੱਚ ਉਸਦੀ ਅਣਪਛਾਤਿਆਂ ਵਲੋਂ ਕੁੱਟਮਾਰ ਕਰ ਦਿੱਤੀ ਗਈ। ਉਸਤੋਂ ਮੋਬਾਇਲ ਅਤੇ ਨਕਦੀ ਖੋਹ ਲਈ ਗਈ। ਚਾਰ ਦਿਨ ਬੇਹੋਸ਼ੀ ਦੇ ਚੱਲਦਿਆਂ ਜ਼ਖ਼ਮੀ ਹਾਲਤ ਵਿੱਚ ਜਗਤਾਰ ਰਾਜਸਥਾਨ ਦੇ ਬੀਕਾਨੇਰ ਚਲਿਆ ਗਿਆ। ਜਿੱਥੇ ਖਾਲਸਾ ਏਡ ਦੇ ਵਾਲੰਟੀਅਰਾਂ ਨੇ ਉਸਦੀ ਜਾਨ ਬਚਾ ਕੇ ਘਰ ਪਹੁੰਚਾਇਆ ਹੈ।
ਕਿਸਾਨ ਜਗਤਾਰ ਸਿੰਘ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਕਿਸਾਨੀ ਸੰਘਰਸ਼ ਵਿੱਚ ਉਹ ਪਿਛਲੇ 9 ਮਹੀਨਿਆਂ ਤੋਂ ਦਿੱਲੀ ਗਿਆ ਹੋਇਆ ਸੀ। ਜਿੱਥੇ ਟਿਕਰੀ ਬਾਰਡਰ ‘ਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅੰਮ੍ਰਿਤਸਰ ਸਾਹਿਬ ਵੱਲੋਂ ਕਿਸਾਨਾਂ ਲਈ ਚਲਾਏ ਗਏ ਲੰਗਰ ਵਿਚ ਸੇਵਾ ਕਰਦਾ ਸੀ। ਜਦੋਂ ਉਹ ਦਿੱਲੀ ਤੋਂ ਆਪਣੇ ਪਰਿਵਾਰ ਨੂੰ ਮਿਲਣ ਲਈ ਬਹਾਦਰਗੜ੍ਹ ਤੋਂ ਟ੍ਰੇਨ ਰਾਹੀਂ ਪਿੰਡ ਆ ਰਿਹਾ ਸੀ ਤਾਂ ਜਦ ਟ੍ਰੇਨ ਜੀਂਦ ਅਤੇ ਰੋਹਤਕ ਪੁੱਜੀ ਤਾਂ ਚੱਲਦੀ ਟਰੇਨ ਦੇ ਡੱਬੇ ਵਿੱਚ ਘੱਟ ਸਵਾਰੀਆਂ ਨਾ ਹੋਣ ਕਾਰਨ 4 ਅਣਪਛਾਤੇ ਨੌਜਵਾਨਾਂ ਨੇ ਉਸ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਉਸ ਨੂੰ ਕੋਈ ਬੇਹੋਸ਼ੀ ਵਾਲਾ ਪਦਾਰਥ ਵੀ ਸੁੰਘਾ ਦਿੱਤਾ।