ਬਰਨਾਲਾ: ਕੈਨੇਡਾ ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ ਜਗਮੀਤ ਸਿੰਘ ਦੇ ਕਿੰਗ ਮੇਕਰ ਬਣਨ ਨਾਲ ਜਿੱਥੇ ਪੂਰੀ ਸਿੱਖ ਕੌਮ ਅਤੇ ਪੰਜਾਬੀਆਂ ਵਿਚ ਖੁਸ਼ੀ ਦਾ ਮਾਹੌਲ ਹੈ ਉੱਥੇ ਉਨ੍ਹਾਂ ਦੇ ਜੱਦੀ ਪਿੰਡ ਠੀਕਰੀਵਾਲਾ ਵਿਖੇ ਜਸ਼ਨ ਮਨਾਏ ਜਾ ਰਹੇ ਹਨ। ਪਿੰਡ ਵਾਸੀਆਂ ਵੱਲੋਂ ਲੱਡੂ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ ਗਈ। ਦੀਵਾਲੀ ਤੋਂ ਪਹਿਲਾਂ ਹੀ ਠੀਕਰੀਵਾਲਾ ਪਿੰਡ ਵਿੱਚ ਜਸ਼ਨ ਮਨਾਉਣੇ ਸ਼ੁਰੂ ਹੋ ਗਏ ਹਨ।
ਕੈਨੇਡਾ ਵਿੱਚ ਹੋਈਆਂ ਆਮ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਪੂਰਨ ਤੌਰ ਉੱਤੇ ਬਹੁਮਤ ਨਹੀਂ ਮਿਲਿਆ ਜਿਸ ਕਰਕੇ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਸਰਕਾਰ ਬਣਾਉਣ ਲਈ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨਡੀਪੀ ਦਾ ਸਮਰਥਨ ਲੈਣਾ ਪਵੇਗਾ ਜਿਸ ਕਰਕੇ ਕੈਨੇਡਾ ਦੀ ਸਰਕਾਰ ਚਲਾਉਣ ਵਿੱਚ ਜਗਮੀਤ ਸਿੰਘ ਦਾ ਬਹੁਤ ਵੱਡੀ ਭੂਮਿਕਾ ਹੋਵੇਗੀ।
ਦੱਸ ਦਈਏ ਕਿ ਜਗਮੀਤ ਸਿੰਘ ਭਾਰਤ ਦੀ ਆਜ਼ਾਦੀ ਲਈ ਅੱਗੇ ਹੋ ਕੇ ਸੰਘਰਸ਼ ਲੜਨ ਵਾਲੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ ਜਿਸ ਕਰਕੇ ਠੀਕਰੀਵਾਲਾ ਪਿੰਡ ਦੇ ਲੋਕ ਜਗਮੀਤ ਸਿੰਘ ਦੀ ਇਸ ਪ੍ਰਾਪਤੀ ਉੱਤੇ ਖੁਸ਼ੀ ਮਨਾ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸ਼ਹੀਦ ਸੇਵਾ ਸਿੰਘ ਤੋਂ ਬਾਅਦ ਉਨ੍ਹਾਂ ਦੇ ਪੜਪੋਤੇ ਜਗਮੀਤ ਸਿੰਘ ਨੇ ਹੁਣ ਪਿੰਡ ਠੀਕਰੀਵਾਲਾ ਨੂੰ ਮੁੜ ਦੁਨੀਆਂ ਦੇ ਨਕਸ਼ੇ ਉੱਤੇ ਲਿਆਂਦਾ ਹੈ।
ਪਿੰਡ ਵਾਸੀਆਂ ਵੱਲੋਂ ਅੱਜ ਖੁਸ਼ੀ ਵਿੱਚ ਲੱਡੂ ਵੰਡ ਕੇ ਭੰਗੜੇ ਪਾਏ ਜਾ ਰਹੇ ਹਨ। ਦੀਵਾਲੀ ਤੋਂ ਪਹਿਲਾਂ ਹੀ ਪਟਾਕੇ ਚੱਲਣੇ ਸ਼ੁਰੂ ਹੋ ਗਏ ਹਨ। ਪਿੰਡ ਵਿੱਚ ਜਗਮੀਤ ਦੀ ਜਿੱਤ ਦੀ ਖ਼ੁਸ਼ੀ ਵਿਚ ਵਧਾਈ ਸੰਦੇਸ਼ ਦੇ ਬੈਨਰ ਲਗਾਏ ਜਾ ਰਹੇ ਹਨ।
ਪਿੰਡ ਵਾਸੀਆਂ ਨੇ ਕਿਹਾ ਕਿ ਜਗਮੀਤ ਸਿੰਘ ਦੀ ਜਿੱਤ ਨਾਲ ਸਿੱਖਾਂ ਦੀ ਵੱਖਰੀ ਪਛਾਣ ਦੁਨੀਆ ਪੱਧਰ ਉੱਤੇ ਹੋਈ ਹੈ ਅਤੇ ਇਸ ਨਾਲ ਸਿੱਖਾਂ ਉੱਤੇ ਵਿਦੇਸ਼ਾਂ ਵਿੱਚ ਹੋ ਰਹੀਆਂ ਨਸਲੀ ਟਿੱਪਣੀਆਂ ਉੱਤੇ ਵੀ ਰੋਕ ਲੱਗੇਗੀ। ਕੈਨੇਡਾ ਦੀਆਂ ਇਨ੍ਹਾਂ ਚੋਣਾਂ ਵਿੱਚ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨਡੀਪੀ ਪਾਰਟੀ ਨੂੰ 24 ਸੀਟਾਂ ਮਿਲੀਆਂ ਹਨ। ਜਗਮੀਤ ਸਿੰਘ ਖ਼ੁਦ ਵੀ ਜਿੱਤ ਕੇ ਐਮਪੀ ਬਣੇ ਹਨ।
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਦੀ ਹਮਾਇਤ ਤੋਂ ਬਿਨਾਂ ਕੈਨੇਡਾ ਵਿੱਚ ਸਰਕਾਰ ਨਹੀਂ ਬਣੇਗੀ, ਜੇ ਐਨਡੀਪੀ, ਜਸਟਿਨ ਟਰੂਡੋ ਦੀ ਪਾਰਟੀ ਨੂੰ ਸਮਰਥਨ ਦਿੰਦੀ ਹੈ ਤਾਂ ਜਗਮੀਤ ਨੂੰ ਕੈਨੇਡਾ ਸਰਕਾਰ ਵਿੱਚ ਵੱਡਾ ਅਹੁਦਾ ਮਿਲੇਗਾ। ਇਹ ਵੀ ਹੋ ਸਕਦਾ ਹੈ ਕਿ ਜਗਮੀਤ ਕੈਨੇਡਾ ਵਿੱਚ ਪਹਿਲੇ ਦਸਤਾਰਧਾਰੀ ਉਪ-ਪ੍ਰਧਾਨ ਮੰਤਰੀ ਹੋਣ। ਪਿੰਡ ਵਾਸੀਆਂ ਨੇ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਪੂਰਾ ਪਿੰਡ ਇਸ ਖ਼ੁਸ਼ੀ ਵਿੱਚ ਘਿਓ ਦੇ ਦੀਵੇ ਬਾਲ ਕੇ ਦੀਪਮਾਲਾ ਕਰੇਗਾ ਅਤੇ ਇਸ ਤੋਂ ਹੋਰ ਵੱਧ ਕੇ ਜਸ਼ਨ ਮਨਾਏ ਜਾਣਗੇ।