ਬਰਨਾਲਾ: ਇੱਕ ਪਾਸੇ ਸਰਕਾਰ ਤੇ ਪ੍ਰਸ਼ਾਸਨ ਸੂਬੇ ਦੀ ਕਾਨੂੰਨ ਵਿਵਸਥਾ ਸਹੀ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦਾ ਤਾਂ ਦੂਜੇ ਪਾਸੇ ਨਿੱਤ ਦਿਨ ਹੋ ਰਹੀਆਂ ਵਾਰਦਾਤਾਂ ਇੰਨ੍ਹਾਂ ਦਾਅਵਿਆਂ ਦਾ ਨੱਕ ਚਿੜਾ ਰਹੀਆਂ ਹਨ। ਮਾਮਲਾ ਸ਼ਹਿਰ ਬਰਨਾਲਾ ਦੇ ਸੇਖਾ ਰੋਡ 'ਤੇ ਗਲੀ ਨੰਬਰ 1 ਤੋਂ ਸਾਹਮਣੇ ਆਇਆ ਹੈ। ਜਿਥੇ ਦਿਨ ਦਿਹਾੜੇ ਦੋ ਲੁਟੇਰਿਆਂ ਨੇ ਰਿਹਾਇਸ਼ੀ ਇਲਾਕੇ ਦੇ ਇੱਕ ਘਰ ਵਿੱਚ ਲੁੱਟ-ਖੋਹ ਕਰਨ ਦੀ ਨੀਅਤ ਨਾਲ ਦਾਖ਼ਲ ਹੋ ਕੇ ਘਰ ਵਿੱਚ ਮੌਜੂਦ ਔਰਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਜਾਂਚ ਲਈ ਟੀਮਾਂ ਨਾਲ ਮੌਕੇ 'ਤੇ ਪਹੁੰਚ ਗਈ।
ਲੁੱਟ ਦੀ ਨੀਅਤ ਨਾਲ ਕਤਲ:ਉਧਰ ਕਤਲ ਵਰਗੀ ਘਟਨਾ ਦਾ ਪਤਾ ਲੱਗਦਿਆਂ ਹੀ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਫੈਲ ਗਿਆ। ਘਟਨਾ ਸਥਾਨ 'ਤੇ ਪਹੁੰਚੀ ਬਰਨਾਲਾ ਪੁਲਿਸ ਵੱਲੋਂ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਵੀ ਤਲਾਸ਼ੀ ਲਈ ਗਈ ਹੈ। ਘਟਨਾ ਦੌਰਾਨ ਦੋ ਵਿਅਕਤੀ ਘਰ 'ਚ ਦਾਖਲ ਹੁੰਦੇ ਦੇਖੇ ਗਏ ਹਨ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋ ਲੁਟੇਰੇ ਲੁੱਟ ਦੀ ਨੀਅਤ ਨਾਲ ਘਰ ਵਿੱਚ ਦਾਖਲ ਹੋਏ ਸਨ। ਲੁਟੇਰਿਆਂ ਵੱਲੋਂ ਘਰ ਵਿੱਚ ਮੌਜੂਦ ਔਰਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ।