ਬਰਨਾਲਾ:ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਦੁਕਾਨਾਂ ਉਪਰ ਖੁੱਲ੍ਹੇਆਮ ਪਟਾਖੇ ਵੇਚਣ ਤੇ ਬਰਨਾਲਾ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪਾਬੰਦੀ ਲਗਾਈ ਹੁੰਦੀ ਹੈ। ਜਿਸ ਤਹਿਤ ਪਟਾਖਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਾਕਾਇਦਾ ਪਟਾਖੇ ਵੇਚਣ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਲਾਇਸੰਸ ਜਾਰੀ ਕੀਤਾ ਜਾਂਦਾ ਹੈ।ਜਿਸ ਲਈ ਲਾਇਸੰਸ ਡਰਾਅ ਕੱਢਿਆ ਜਾਂਦਾ ਹੈ। ਇਸੇ ਤਹਿਤ ਅੱਜ 13 ਅਕਤੂਬਰ ਨੂੰ ਬਰਨਾਲਾ ਦੇ ਡੀਸੀ ਦਫ਼ਤਰ ਵਿਖੇ ਪਟਾਖਿਆ ਦੀ ਵਿਕਰੀ ਸਬੰਧੀ ਲਾਇਸੰਸ ਦੇ ਡਰਾਅ ਕੱਢੇ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਾਇਰ ਨੇ ਦੱਸਿਆ ਕਿ ਅੱਜ ਬਰਨਾਲਾ ਜ਼ਿਲ੍ਹੇ ਵਿਚ ਪਟਾਖਿਆਂ ਦੀ ਵਿਕਰੀ ਲਈ ਲਾਇਸੈਂਸ ਦੇਣ ਲਈ ਡਰਾਅ ਕੱਢਿਆ ਗਿਆ ਹੈ। ਪਰ ਕੁਝ ਥਾਵਾਂ 'ਤੇ ਅਰਜ਼ੀਆਂ ਨਾ ਮਿਲਣ ਕਾਰਨ ਜ਼ਿਲ੍ਹੇ ਵਿੱਚ 40 ਲਾਇਸੰਸ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬਿਨਾਂ ਲਾਇਸੰਸ ਤੋਂ ਪਟਾਖੇ ਵੇਚਣ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਦਕਿ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਕੇ ਵੇਚਣ ਲਈ ਨਿਰਧਾਰਿਤ ਕੀਤੀ ਗਈ ਜਗ੍ਹਾ 'ਤੇ ਪਟਾਕੇ ਵੇਚਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਪਟਾਕੇ ਬਾਜ਼ਾਰ ਆਦਿ ਵਿੱਚ ਨਹੀਂ ਵੇਚੇ ਜਾਣਗੇ।