ਬਰਨਾਲਾ: ਕਚਹਿਰੀ ਚੌਕ ਵਿਖੇ ਪੁਲਿਸ ਨਾਕੇ ਤੋਂ ਮਹਿਜ਼ 15 ਕਦਮ ਦੂਰੀ ਉੱਤੇ ਦੋ ਚੋਰਾਂ ਵਲੋਂ ਦੋ ਦੁਕਾਨਾਂ ਉੱਤੇ ਲੱਖਾਂ ਰੁਪਏ ਦੀ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਇਹ ਚੋਰੀ ਦੀਆਂ ਵਾਰਦਾਤਾਂ ਦੋ ਅਲੱਗ-ਅਲੱਗ ਦੁਕਾਨਾਂ ਇੱਕ ਮੋਬਾਇਲ ਵਾਲੀ ਅਤੇ ਦੂਸਰੀ ਕਰਿਆਨੇ ਵਾਲੀ ’ਤੇ ਅੰਜ਼ਾਮ ਦਿੱਤਾ ਗਿਆ। ਚੋਰ ਮੋਬਾਇਲਾਂ ਵਾਲੀ ਦੁਕਾਨ ਤੋਂ ਕਈ ਮੋਬਾਇਲ ਤੇ ਨਕਦੀ, ਜਦਕਿ ਕਰਿਆਨੇ ਵਾਲੀ ਦੁਕਾਨ ਤੋਂ ਨਕਦੀ ਅਤੇ ਕਰਿਆਨੇ ਦਾ ਸਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ। ਚੋਰਾਂ ਵਲੋਂ ਦੋਵੇਂ ਦੁਕਾਨਾਂ ’ਤੇ ਛੱਤ ਉੱਪਰ ਪਾੜ ਲਾਇਆ ਗਿਆ। ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਸਵੇਰੇ 4 ਵਜੇ ਛੱਤ ਨੂੰ ਲਾਇਆ ਪਾੜ
ਵਾਰਦਾਤ ਬਾਰੇ ਜਾਣਕਾਰੀ ਦਿੰਦਿਆਂ ਮੋਬਾਇਲ ਦੁਕਾਨ ਦੇ ਪੀੜਤ ਮਾਲਕ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਕਚਹਿਰੀ ਚੌਂਕ ਵਿਖੇ ਮੋਬਾਇਲਾਂ ਦੀ ਦੁਕਾਨ ਹੈ। ਜਿੱਥੇ ਬੀਤੀ ਰਾਤ ਸਮੇਤ ਕਰੀਬ ਸਵੇਰੇ 4 ਵਜੇ ਰਾਤ ਦੇ ਹਨੇਰੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦੁਕਾਨ ਦੀ ਛੱਤ ’ਤੇ ਪਾੜ ਲਾ ਕੇ ਚੋਰਾਂ ਨੇ ਚੋਰੀ ਕੀਤੀ। ਮਾਲਕ ਦਾ ਕਹਿਣਾ ਹੈ ਕਿ ਚੋਰਾਂ ਵਲੋਂ ਦੁਕਾਨ ਵਿੱਚੋਂ ਮਹਿੰਗੇ ਮੋਬਾਇਲ ਫ਼ੋਨ ਚੋਰੀ ਕਰ ਲਏ, ਜਿਨ੍ਹਾਂ ਦੀ ਕੀਮਤ ਡੇਢ ਲੱਖ ਦੇ ਕਰੀਬ ਬਣਦੀ ਹੈ। ਇਸ ਦੇ ਨਾਲ ਹੀ ਦੁਕਾਨ ਵਿੱਚ ਪਈ ਸਵਾ ਲੱਖ ਦੇ ਕਰੀਬ ਨਕਦੀ ਵੀ ਚੋਰੀ ਕਰ ਕੇ ਫ਼ਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਜਿਸ ਵਿੱਚ ਇੱਕ ਚੋਰ ਛੱਤ ਤੋਂ ਦੁਕਾਨ ’ਚ ਉਤਰ ਕੇ ਚੋਰੀ ਕਰਕੇ ਲੈ ਗਿਆ।