ਭਦੌੜ ਵਿੱਚ 2 ਵੱਖ-ਵੱਖ ਥਾਵਾਂ 'ਤੇ ਚੋਰੀ ਭਦੌੜ (ਬਰਨਾਲਾ):ਪੰਜਾਬ ਵਿੱਚ ਚੋਰੀਂ ਦੀਆਂ ਘਟਨਾਵਾਂ ਦਿਨ ਪਰ ਦਿਨ ਵੱਧ ਰਹੀਆਂ ਹਨ। ਅਜਿਹਾ ਹੀ ਚੋਰੀ ਦੇ ਵੱਖ-ਵੱਖ 2 ਮਾਮਲੇ ਬਰਨਾਲਾ ਦੇ ਹਲਕਾ ਭਦੌੜ ਅਧੀਨ ਪੈਂਦੇ ਤਪਾ ਇਲਾਕੇ ਵਿੱਚੋਂ ਆਏ। ਇਸ ਦੌਰਾਨ ਚੋਰਾਂ ਨੇ ਇੱਕ ਦੁਕਾਨ ਦੀ ਛੱਤ ਤੋੜ ਕੇ ਗੱਲੇ ਵਿੱਚ ਪਈ ਨਕਦੀ ਚੋਰੀ ਕਰ ਲਈ। ਦੂਜੇ ਪਾਸੇ ਚੋਰਾਂ ਨੇ ਇੱਕ ਘਰ ਦੇ ਜਿੰਦਰੇ ਤੋੜ ਕੇ ਚੋਰੀ ਕੀਤੀ। ਫਿਲਹਾਲ ਪੁਲਿਸ ਨੇ ਜਾਂਚ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਾਮਜ਼ਦ ਕਰ ਲਿਆ ਹੈ। ਪਰ ਫਿਲਹਾਲ ਮੁਲਜ਼ਮ ਫ਼ਰਾਰ ਹਨ, ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਦੁਕਾਨ ਦੀ ਛੱਤ 'ਚ ਪਾੜ:-ਇਸ ਦੌਰਾਨ ਹੀ ਥਾਣਾ ਤਪਾ ਦੇ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਸਦਰ ਬਾਜ਼ਾਰ ਤਪਾ ਦੇ ਰਹਿਣ ਵਾਲੇ ਪਵਨ ਕੁਮਾਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਬਾਜ਼ਾਰ ਵਿੱਚ ਮੈਡੀਕਲ ਦੀ ਦੁਕਾਨ ਚਲਾਉਂਦਾ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਰਾਤ ਨੂੰ ਆਪਣੀ ਦੁਕਾਨ ਨੂੰ ਤਾਲਾ ਲਗਾ ਕੇ ਚਲਾ ਗਿਆ। ਸਵੇਰੇ ਕਰੀਬ 8 ਵਜੇ ਜਾ ਕੇ ਉਸ ਨੇ ਰੋਜ਼ਾਨਾ ਵਾਂਗ ਆਪਣੀ ਦੁਕਾਨ ਖੋਲ੍ਹੀ। ਦੁਕਾਨ ਖੋਲ੍ਹਣ 'ਤੇ ਉਸ ਨੇ ਦੇਖਿਆ ਕਿ ਦੁਕਾਨ ਦੀ ਛੱਤ ਇਕ ਪਾਸੇ ਤੋਂ ਟੁੱਟੀ ਹੋਈ ਸੀ ਅਤੇ ਦੁਕਾਨ ਦੇ ਅੰਦਰ ਸਾਮਾਨ ਵੀ ਖਿਲਰਿਆ ਪਿਆ ਸੀ।
ਦੁਕਾਨ 'ਚ 85 ਹਜ਼ਾਰ ਰੁਪਏ ਦੀ ਚੋਰੀਂ:-ਇਸ ਦੌਰਾਨ ਪਵਨ ਕੁਮਾਰ ਨੇ ਦੇਖਿਆ ਕਿ ਉਸ ਦੇ ਕਾਊਂਟਰ ਦੇ ਗੱਲੇ ਦਾ ਜ਼ਿੰਦਰਾਂ ਵੀ ਟੁੱਟਿਆ ਹੋਇਆ ਸੀ, ਉਸ ਦੇ ਗੱਲੇ ਵਿਚ ਰੱਖੇ 85 ਹਜ਼ਾਰ ਰੁਪਏ ਵੀ ਗਾਇਬ ਸਨ। ਫਿਰ ਉਸ ਨੂੰ ਪਤਾ ਲੱਗਾ ਕਿ ਉਸ ਦੀ ਦੁਕਾਨ ਵਿਚ ਚੋਰੀ ਹੋ ਗਈ ਹੈ। ਉਨ੍ਹਾਂ ਆਪਣੇ ਪੱਧਰ 'ਤੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਚੋਰੀ ਬਿੰਦਰ ਉਰਫ ਕਾਲੀ ਅਤੇ ਧਰਮਿੰਦਰ ਸਿੰਘ ਨੇ ਕੀਤੀ ਹੈ। ਇਸ ਸਬੰਧੀ ਪਵਨ ਕੁਮਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਉਸ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੇ ਕੀਤਾ ਕੇਸ ਦਰਜ:ਦੂਜੇ ਮਾਮਲੇ ਵਿੱਚ ਥਾਣਾ ਤਪਾ ਦੇ ਥਾਣੇਦਾਰ ਭੋਲਾ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰੋਹੀ ਰਾਮ ਵਾਸੀ ਵਾਰਡ ਨੰਬਰ 9 ਤਪਾ ਦੇ ਬਿਆਨਾਂ ਦੇ ਆਧਾਰ ’ਤੇ ਓਮ ਪ੍ਰਕਾਸ਼ ਅਤੇ ਜਸਵੀਰ ਖਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਕੋਲ ਗਿਆ ਹੋਇਆ ਸੀ। ਸਵੇਰੇ 7:30 ਵਜੇ ਜਦੋਂ ਉਹ ਘਰ ਆਇਆ ਤਾਂ ਤਾਲਾ ਟੁੱਟਿਆ ਹੋਇਆ ਸੀ, ਲੋਹੇ ਦੇ ਅਲਮੀਰਾ ਦਾ ਤਾਲਾ ਟੁੱਟਿਆ ਹੋਇਆ ਸੀ। ਇਸ ਵਿੱਚ ਸੋਨੇ ਦਾ ਸਮਾਨ ਅਤੇ ਚਾਂਦੀ ਦੇ ਗਹਿਣੇ ਗਾਇਬ ਸਨ। ਇੱਕ ਸੈਮਸੰਗ ਐਲ ਈ ਡੀ ਵੀ ਗਾਇਬ ਸੀ।
ਉਨ੍ਹਾਂ ਆਪਣੇ ਪੱਧਰ 'ਤੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਨ੍ਹਾਂ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਡੀਐਸਪੀ ਤਪਾ ਮਾਨਵਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਸਾਮਾਨ ਬਰਾਮਦ ਕੀਤਾ ਜਾਵੇਗਾ, ਫਿਲਹਾਲ ਆਰੋਪੀਆਂ ਦੀ ਭਾਲ ਜਾਰੀ ਹੈ।