ਬਰਨਾਲਾ:ਜ਼ਿਲ੍ਹੇ ਦੇ ਪਿੰਡ ਚੰਨਣਵਾਲ ਦੇ ਮੌਜੂਦਾ ਸਰਪੰਚ ਨੇ ਆਪਣੇ 3 ਪੰਚਾਂ ਸਮੇਤ ਕੁੱਲ 12 ਲੋਕਾਂ ਨੇ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ (Bharatiya Janata Party) ਵਿੱਚ ਸ਼ਮੂਲੀਅਤ ਕਰ ਲਈ ਸੀ। ਉਨ੍ਹਾਂ ਦਾ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸਮੁੱਚੇ ਚੰਨਣਵਾਲ ਪਿੰਡ ਦੇ ਲੋਕਾਂ ਵੱਲੋਂ ਸਰਪੰਚ ਅਤੇ ਬੀਜੇਪੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿਰੁੱਧ ਰੋਸ ਜ਼ਾਹਿਰ ਕੀਤਾ ਹੈ।
ਪਿੰਡ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਨਾਲ ਜੁੜੇ ਕਿਸਾਨਾਂ ਤੋਂ ਇਲਾਵਾ ਪਿੰਡ ਵਾਸੀ ਇਕੱਠੇ ਹੋਏ। ਇਕੱਠੇ ਹੋਏ ਲੋਕਾਂ ਵਲੋਂ ਗੁਰਦੁਆਰਾ ਸਾਹਿਬ ਵਿੱਚ ਵੱਡਾ ਇਕੱਠ ਰੱਖਿਆ ਗਿਆ ਜਿੱਥੇ ਪਿੰਡ ਦੇ ਲੋਕਾਂ ਨੇ ਇੱਕ ਮਤਾ ਪਾਸ ਕਰਕੇ ਬੀਜੇਪੀ ਵਿੱਚ ਸ਼ਾਮਿਲ ਹੋਏ ਸਰਪੰਚ ਅਤੇ ਪੰਚਾਂ ਨੂੰ ਬਰਖਾਸਤ ਕੀਤਾ ਗਿਆ। ਉੱਥੇ ਪਿੰਡ ਦੇ ਲੋਕਾਂ ਨੇ ਬੀਜੇਪੀ ਵਿੱਚ ਸ਼ਾਮਿਲ ਹੋਏ ਸਮੁੱਚੇ ਲੋਕਾਂ ਦੇ ਬਾਈਕਾਟ ਦਾ ਵੀ ਐਲਾਨ ਕਰ ਦਿੱਤਾ। ਰੋਸ ਜ਼ਾਹਿਰ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਭਰ ਦੇ ਕਿਸਾਨ ਸੰਘਰਸ਼ ਕਰ ਰਹੇ ਹਨ ਅਤੇ 600 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਉੱਥੇ ਅਜਿਹੇ ਮੌਕੇ ਬੀਜੇਪੀ ਵਿੱਚ ਸ਼ਾਮਿਲ ਹੋ ਕੇ ਪੰਚਾਇਤ ਨੇ ਕਿਸਾਨ ਵਿਰੋਧੀ ਕੰਮ ਕੀਤਾ ਹੈ। ਜਿਸ ਕਰਕੇ ਇਨ੍ਹਾਂ ਦਾ ਬਾਈਕਾਟ ਕੀਤਾ ਗਿਆ ਹੈ। ਪਿੰਡ ਵਿੱਚ ਪੈਦਾ ਹੋਏ ਤਣਾਅ ਕਾਰਨ ਸਵੇਰ ਤੋਂ ਹੀ ਚੰਨਣਵਾਲ ਵਿਖੇ ਭਾਰੀ ਪੁਲਿਸ ਬਲ ਵੀ ਤੈਨਾਨ ਕੀਤਾ ਗਿਆ।
ਇਸ ਮਾਮਲੇ ਉੱਤੇ ਜਾਣਕਾਰੀ ਦਿੰਦੇ ਹੋਏ ਪਿੰਡ ਚੰਨਣਵਾਲ ਦੇ ਰਹਿਣ ਵਾਲੇ ਲੋਕਾਂ ਦਲਵੀਰ ਸਿੰਘ, ਗੁਰਜੰਟ ਸਿੰਘ, ਹਰਜੀਤ ਸਿੰਘ ਨੇ ਕਿਹਾ ਕਿ ਪਿੰਡ ਦੇ ਮੌਜੂਦਾ ਸਰਪੰਚ ਬੂਟਾ ਸਿੰਘ ਅਤੇ ਪਿੰਡ ਦੇ ਹੀ 3 ਪੰਚਾਂ ਸਹਿਤ ਪਿੰਡ ਦੇ 12 ਲੋਕ ਬੀਤੇ ਕੱਲ ਚੰਡੀਗੜ੍ਹ ਵਿੱਚ ਭਾਜਪਾ ਆਗੂ ਹਰਜੀਤ ਗਰੇਵਾਲ (BJP leader Harjeet Grewal) ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਜਿਸਨੂੰ ਪਿੰਡ ਵਾਸੀਆਂ ਵਲੋਂ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।