ਬਰਨਾਲਾ: ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਮੌਜੂਦਾ ਸਿਵਲ ਸਰਜਨ ਡਾ.ਜਸਵੀਰ ਸਿੰਘ ਔਲਖ ਵੀ ਉਹਨਾਂ ਵਿੱਚੋਂ ਇੱਕ ਹਨ ਜਿੰਨ੍ਹਾਂ ਨੇ ਆਪਣੀ ਅਪੰਗਤਾ ਨੂੰ ਆਪਣੇ ਮੁਕਾਮ ਦੇ ਰਸਤੇ ਵਿੱਚ ਨਹੀਂ ਆਉਣ ਦਿੱਤਾ। ਅਨਪੜ੍ਹ ਮਾਪਿਆਂ ਅਤੇ ਸਾਧਾਰਨ ਪਰਿਵਾਰ ਵਿੱਚ ਪੈਦਾ ਹੋਏ ਡਾ.ਔਲਖ ਨੇ ਜਨਮ ਤੋਂ ਲੈ ਕੇ ਪੜ੍ਹਾਈ ਅਤੇ ਆਪਣੀ ਨੌਕਰੀ ਹਾਸਿਲ ਕਰਨ ਅਤੇ ਸਿਵਲ ਸਰਜਨ ਦੀ ਪਦਵੀ ‘ਤੇ ਪਹੁੰਚਣ ਤੱਕ ਅਨੇਕਾਂ ਔਕੜਾਂ ਦਾ ਸਾਹਮਣਾ ਕੀਤਾ, ਪਰ ਕਦੇ ਹਾਰ ਨਹੀਂ ਮੰਨੀ।
ਬਚਪਨ ਤੋਂ ਇੱਕ ਲੱਤ ਹਨ ਅਪਾਹਜ
ਬਚਪਨ ਵਿੱਚ ਪੋਲੀਓ ਹੋਣ ਕਾਰਨ ਡਾ.ਔਲਖ ਇੱਕ ਲੱਤ ਤੋਂ ਅਪਾਹਜ਼ ਹੋ ਗਏ ਸਨ। ਪਰ ਉਹਨਾਂ ਨੇ ਆਪਣੀ ਰਾਹ ਵਿੱਚ ਆਪਣੀ ਇਸ ਕਮਜ਼ੋਰੀ ਤੱਕ ਨਹੀਂ ਆਉਣ ਦਿੱਤਾ। ਸਰੀਰਕ ਤੌਰ ਤੇ ਤੰਦਰੁਸਤ ਲੋਕਾਂ ਲਈ ਡਾ. ਔਲਖ ਇੱਕ ਮਿਸ਼ਾਲ ਪੇਸ਼ ਕਰ ਰਹੇ ਹਨ।
'7ਵੇਂ ਸਾਲ ਤੋਂ ਸ਼ੁਰੂ ਹੋਈ ਪੜ੍ਹਾਈ'
ਡਾ.ਔਲਖ ਮੁਤਾਬਕ ਬਾਲ ਉਮਰੇ ਅਪਾਹਜ ਹੋਣ ਕਰਕੇ ਉਨ੍ਹਾ ਦੀ ਸਕੂਲੀ ਪੜ੍ਹਾਈ ਵੀ 7 ਸਾਲ ਦੀ ਉਮਰ ਵਿੱਚ ਸ਼ੁਰੂ ਹੋ ਸਕੀ ਸੀ। ਪ੍ਰਾਇਮਰੀ ਸਕੂਲ ਪਾਸ ਕਰਨ ਤੋਂ ਬਾਅਦ ਮਾਪਿਆਂ ਨੇ ਉਨ੍ਹਾਂ ਨੂੰ ਇਸ ਕਰਕੇ ਸਕੂਲੋਂ ਹਟਾ ਲਿਆ ਸੀ ਕਿ ਹਾਈ ਸਕੂਲ ਜਾਣ ਲਈ ਉਨ੍ਹਾਂ ਨੂੰ ਸੜਕ ਪਾਰ ਕਰਨੀ ਪੈਣੀ ਸੀ।
'ਮਾਪਿਆਂ ਨੂੰ ਪੜ੍ਹਾਈ ਕਰਨ ਲਈ ਕੀਤਾ ਸਹਿਮਤ'
ਡਾ.ਜਸਵੀਰ ਨੇ ਪੰਜਵੀਂ ਜਮਾਤ ਪਾਸ ਕਰਨ ਉਪਰੰਤ ਪਹਿਲੀ ਅਤੇ ਦੂਜੀ ਕਲਾਸ ਦੇ ਬੱਚਿਆਂ ਨੂੰ ਪੜ੍ਹਾਇਆ, ਜਿਸਦੇ ਬਦਲੇ ਉਨ੍ਹਾਂ ਨੂੰ ਪ੍ਰਾਇਮਰੀ ਸਕੂਲ ਦੇ ਟੀਚਰ ਨੇ ਛੇਂਵੀ ਜਮਾਤ ਦੇ ਵਿਸ਼ੇ ਪੜ੍ਹਾਏ। ਇਸ ਤਰਾਂ ਇੱਕ ਸਾਲ ਪ੍ਰਾਈਵੇਟ ਤੌਰ ‘ਤੇ ਪੜ੍ਹ ਕੇ ਛੇਵੀਂ ਪਾਸ ਕਰਨ ਤੋਂ ਬਾਅਦ ਉਹ ਅਗਲੀਆਂ ਜਮਾਤਾਂ ਲਈ ਮਾਪਿਆਂ ਨੂੰ ਸਹਿਮਤ ਕਰ ਸਕੇ।
ਅਪਾਹਜ ਹੋਣ ਤੋਂ ਲੈਕੇ ਸਿਵਲ ਸਰਜਨ ਦਾ ਮੁਕਾਮ ਹਾਸਿਲ ਕਰਨ ਤੱਕ ਦੀ ਕਹਾਣੀ 'ਕਾਲਜ ਚੋਂ ਪੜ੍ਹਾਈ ਛੱਡ ਅੰਗਰੇਜੀ ਦੀ ਕਮਜੋਰੀ ਕੀਤੀ ਦੂਰ'
ਡਾ.ਔਲਖ ਦੱਸਦੇ ਹਨ ਕਿ ਸਕੂਲੀ ਪ੍ਰੀਖਿਆ ਵਿੱਚੋਂ ਚੰਗੇ ਨੰਬਰ ਆਉਣ ਕਰਕੇ ਉਨ੍ਹਾਂ ਨੂੰ ਕਾਲਜ ਵੱਲੋਂ ਸਕਾਲਰਸ਼ਿਪ ਵੀ ਮਿਲੀ। ਪੰਜਾਬੀ ਭਾਸ਼ੀ ਸਕੂਲ ਵਿੱਚ ਪੜ੍ਹੇ ਔਲਖ ਨੂੰ ਮੈਡੀਕਲ ਦੀ ਪੜ੍ਹਾਈ ਅੰਗਰੇਜ਼ੀ ਵਿੱਚ ਹੋਣ ਕਰਕੇ ਕਾਲਜ ਵਿੱਚੋਂ ਇੱਕ ਸਾਲ ਪੜ੍ਹਾਈ ਛੱਡ ਕੇ ਅੰਗਰੇਜ਼ੀ ਦੀ ਕਮਜੋਰੀ ਦੂਰ ਕਰਨੀ ਪਈ। ਮੈਡੀਕਲ ਵਿੱਚ ਮਾਸਟਰ ਡਿਗਰੀ ਕਰਨ ਵੇਲੇ ਵੀ ਉਨਾਂ ਨੂੰ ਸੀਟ ਲੈਣ ਲਈ ਕੋਰਟ ਦਾ ਸਹਾਰਾ ਲੈਣਾ ਪਿਆ ਅਤੇ ਗਾਇਨੀ ਮਾਹਰ ਦੇ ਤੌਰ ‘ਤੇ ਨਿਯੁਕਤ ਹੋਣ ਲਈ ਵੀ। ਸੀਨਿਉਰਿਟੀ ਦੇ ਅਧਾਰ ਤੇ ਤਰੱਕੀ ਲੈਣ ਲਈ ਵੀ ਉਨ੍ਹਾਂ ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ।
'ਸਭ ਤੋਂ ਵੱਧ ਔਰਤਾਂ ਦੀਆਂ ਡਲਵਿਰੀਆਂ ਲਈ ਮਿਲਿਆ ਪ੍ਰਸ਼ੰਸ਼ਾ ਪੱਤਰ'
ਗਾਇਨੀ ਦੇ ਮਾਹਰ ਦੇ ਤੌਰ ਤੇ ਲੰਮਾਂ ਸਮਾਂ ਸੇਵਾਵਾਂ ਨਿਭਾਉਣ ਬਾਅਦ ਇਸੇ ਸਾਲ ਉਨ੍ਹਾ ਨੂੰ ਪਦ ਉੱਨਤ ਕਰਕੇ ਸਿਹਤ ਵਿਭਾਗ ਪੰਜਾਬ ਵੱਲੋਂ ਬਰਨਾਲਾ ਜ਼ਿਲ੍ਹੇ ਦਾ ਸੀਨੀਅਰ ਮੈਡੀਕਲ ਅਫਸਰ ਲਗਾ ਦਿੱਤਾ ਗਿਆ ਹੈ। ਪੰਜਾਬ ਦੇ ਸਰਕਾਰੀ ਡਾਕਟਰਾਂ ਵਿੱਚੋਂ ਸਭ ਤੋਂ ਵੱਧ ਔਰਤਾਂ ਦੀਆਂ ਡਲਵਿਰੀਆਂ ਕਰਨ ਲਈ ਉਨ੍ਹਾਂ ਨੂੰ ਸਾਲ 2010-11 ਲਈ ਸਿਹਤ ਵਿਭਾਗ ਵੱਲੋਂ ਪ੍ਰਸ਼ੰਸਾ ਪੱਤਰ ਵੀ ਮਿਲਿਆ ਅਤੇ ਇਸੇ ਸਾਲ ਸੀ ਸੈਕਸ਼ਨ ਕਰਨ ਵਿੱਚ ਪੰਜਾਬ ਵਿੱਚੋਂ ਤੀਸਰੇ ਨੰਬਰ ‘ਤੇ ਰਹਿਣ ਲਈ ਵੀ ਉਨਾਂ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਗਿਆ।
ਇਹ ਵੀ ਪੜ੍ਹੋ:ਜ਼ਿੰਦਾਦਿਲੀ ਦੀ ਮਿਸਾਲ ਹੈ ਸੜਕਾਂ ’ਤੇ ਮਜਦੂਰੀ ਕਰਦਾ ਇਹ ਨੌਜਵਾਨ...