ਬਰਨਾਲਾ:ਬਰਨਾਲਾ ਦੇ ਪਿੰਡ ਪੱਖੋਕੇ ਤੇ ਮੱਲੀਆਂ ਵਲੋਂ ਸੁਸਾਇਟੀ ਵਿੱਚ ਸੈਕਟਰੀ ਵਲੋਂ ਕੀਤੇ ਗਏ ਗਬਨ ਦੇ ਮਾਮਲੇ ਨੂੰ ਲੈ ਕੇ ਸਥਾਨਕ ਡੀਸੀ ਦਫ਼ਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪਿੰਡ ਦੇ ਪੀੜਤ ਕਿਸਾਨਾਂ ਦੀ ਐਕਸ਼ਨ ਕਮੇਟੀ ਵਲੋਂ ਲਗਾਇਆ ਗਿਆ ਧਰਨਾ ਅੱਜ 12ਵੇਂ ਦਿਨ ਵਿੱਚ ਦਾਖਿਲ ਹੋ ਗਿਆ ਹੈ। ਪਿਛਲੇ 12 ਦਿਨਾਂ ਤੋਂ ਪ੍ਰਸ਼ਾਸ਼ਨ ਅਤੇ ਸਰਕਾਰ ਵਲੋਂ ਕੋਈ ਸੁਣਵਾਈ ਨਾ ਹੋਣ ਕਾਰਨ ਧਰਨਾਕਾਰੀ ਰੋਸ ਵਿੱਚ ਹਨ ਅਤੇ ਸੰਘਰਸ਼ ਨੂੰ ਹੋਰ ਤੇਜ਼ ਅਤੇ ਤਿੱਖਾ ਕਰਨ ਦੀ ਤਿਆਰੀ ਵਿੱਚ ਹਨ। ਇਸਦੇ ਚੱਲਦਿਆਂ 29 ਅਗਸਤ ਦਿਨ ਮੰਗਲਵਾਰ ਨੂੰ ਕਿਸਾਨਾਂ ਵਲੋਂ ਸ਼ਹਿਰ ਅੰਦਰ ਰੋਸ ਮਾਰਚ ਕਰਦਿਆਂ ਸਥਾਨਕ ਫ਼ਰਵਾਹੀ ਬਾਜ਼ਾਰ `ਚ ਪੁੱਜ ਕੇ ਸਹਿਕਾਰਤਾ ਵਿਭਾਗ ਦੇ ਦਫ਼ਤਰ ਅੱਗੇ ਏਆਰ ਤੇ ਡੀਆਰ ਦਾ ਪੁਤਲਾ ਫੂਕ ਕੇ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕਰਨ ਦਾ ਫ਼ੈਸਲਾ ਕੀਤਾ ਹੈ।
ਪ੍ਰਸ਼ਾਸਨ ਉੱਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ :ਕਿਸਾਨ ਆਗੂ ਚਮਕੌਰ ਸਿੰਘ ਨੈਣੇਵਾਲ ਜ਼ਿਲ੍ਹਾ ਪ੍ਰਧਾਨ, ਸੁਖਦੇਵ ਸਿੰਘ ਭੋਤਨਾ ਬਲਾਕ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਿੰਘ ਚੀਮਾ ਅਤੇ ਗੁਰਚਰਨ ਸਿੰਘ ਭਦੌੜ ਆਦਿ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਪਿੰਡ ਪੱਖੋਕੇ ਤੇ ਮੱਲੀਆਂ ਦੀ ਸਾਂਝੀ ਕੋਅਪਰੇਟਿਵ ਸੁਸਾਇਟੀ ਵਿੱਚ ਸੈਕਟਰੀ ਵਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਗਬਨ ਦਾ ਸਾਹਮਣੇ ਆਇਆ ਹੋਇਆ ਹੈ ਪਰ ਇਸ ਗਬਨ ਮਾਮਲੇ ਦੀ ਜਾਂਚ ਨੂੰ ਲੈ ਕੇ ਸਰਕਾਰ ਤੇ ਪ੍ਰਸਾਸ਼ਨ ਵਲੋਂ ਬਹੁਤ ਠੰਡੀ ਕਾਰਵਾਈ ਕੀਤੀ ਜਾ ਰਹੀ ਹੈ। ਵਿਭਾਗ ਦੇ ਅਧਿਕਾਰੀਆ ਨੂੰ ਦੋਸ਼ੀ ਬਨਾਉਣ ਦੀ ਥਾਂ ਜਾਂਚ ਵਿੱਚ ਸਾਲ 2018 ਤੋਂ ਪਹਿਲਾਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਵੀ ਦੋਸ਼ ਕੱਢਿਆ ਜਾ ਰਿਹਾ ਹੈ ਤੇ 2019 ਤੋਂ ਬਾਅਦ ਵਾਲੀ ਪ੍ਰਬੰਧਕ ਕਮੇਟੀ ਦਾ ਵੀ ਦੋਸ਼ ਕੱਢਿਆ ਜਾ ਰਿਹਾ ਹੈ। ਪਰ 2018-19 ਦੌਰਾਨ ਸਭਾ ਵਿੱਚ ਲਗਭਗ ਇੱਕ ਸਾਲ ਤੱਕ ਪ੍ਰਸਾਸ਼ਕ ਲੱਗੇ ਅਧਿਕਾਰੀਆਂ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।