ਬਰਨਾਲਾ:ਬਰਨਾਲਾ 'ਚ ਲੁੱਟਾਂ- ਖੋਹਾਂ ਕਰਨ ਵਾਲੇ ਗਿਰੋਹਾਂ ਦੇ ਹੌਂਸਲੇ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਜਿਸ ਕਰਕੇ ਦਿਨ ਦਿਹਾੜੇ ਲੁੱਟਾਂ ਖੋਹਾਂ 'ਤੇ ਚੋਰੀ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ। ਪਰ ਇਸਦੇ ਬਾਵਜੂਦ ਵੀ ਬਰਨਾਲਾ ਪੁਲਿਸ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਅਜਿਹੀ ਹੀ ਇੱਕ ਘਟਨਾ ਜ਼ਿਲ੍ਹੇ ਦੇ ਪਿੰਡ ਕੱਟੂ ਵਿਖੇ ਵਾਪਰੀ ਹੈ। ਜਿੱਥੇ ਦੋ ਔਰਤਾਂ ਨੂੰ ਦੁਪਹਿਰ ਸਮੇਂ ਅਣਪਛਾਤੇ ਲੁਟੇਰਿਆਂ ਨੇ ਬੰਧਕ ਬਣਾ ਲਿਆ। ਫਿਰ ਉਨ੍ਹਾਂ ਦੀ ਪੱਥਰਾਂ ਅਤੇ ਹੋਰ ਮਾਰੂ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਨ੍ਹਾਂ ਦੇ ਘਰ ਚੋਂ ਸੋਨਾ 'ਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ।
ਲੁਟੇਰਿਆਂ ਨੇ ਫ਼ਿਲਮੀ ਅੰਦਾਜ਼ 'ਚ ਦਿੱਤਾ ਵਾਰਦਾਤ ਨੂੰ ਅੰਜ਼ਾਮ ਜਾਣਕਾਰੀ ਅਨੁਸਾਰ, ਬਰਨਾਲਾ ਦੇ ਥਾਣਾ ਧਨੌਲਾ ਅਧੀਨ ਪੈਂਦੇ ਪਿੰਡ ਕੱਟੂ ਦੇ ਖੇਤਾਂ 'ਚ ਰਹਿੰਦੇ ਜ਼ਿਮੀਂਦਾਰ ਪਰਿਵਾਰ ਦੇ ਘਰ ਕੁੱਝ ਅਣਪਛਾਤੇ ਲੁਟੇਰਿਆਂ ਨੇ ਬਾਅਦ ਦੁਪਹਿਰ ਡੇਢ ਕੁ ਵਜੇ ਕਿਸਾਨ ਰੂਪ ਸਿੰਘ ਪੁੱਤਰ ਕਰਨੈਲ ਸਿੰਘ ਦੇ ਘਰ ਦਾਖ਼ਲ ਹੁੰਦਿਆਂ ਘਰ 'ਚ ਮੌਜੂਦ ਅਮਰਜੀਤ ਕੌਰ ਪਤਨੀ ਰੂਪ ਸਿੰਘ ਅਤੇ ਬਜ਼ੁਰਗ ਸੁਰਜੀਤ ਕੌਰ ਪਤਨੀ ਕਰਨੈਲ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਸਹਿਮੀਆਂ ਔਰਤਾਂ ਨੂੰ ਰੌਲਾ ਪਾਉਣ ਦੀ ਹਾਲਤ ਵਿੱਚ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਦੋਵੇਂ ਜ਼ਖ਼ਮੀ ਔਰਤਾਂ ਨੂੰ ਲੁਟੇਰਿਆਂ ਨੇ ਘਰ ਦੀ ਰਸੋਈ ਅੰਦਰ ਬੰਦ ਕਰ ਦਿੱਤਾ 'ਤੇ ਖ਼ੁਦ ਘਰ ਦੀਆਂ ਅਲਮਾਰੀਆਂ ਪੇਟੀਆਂ 'ਚ ਪਏ ਸੋਨੇ ਦੇ ਗਹਿਣੇ 'ਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਆਂਢ-ਗੁਆਂਢ ਦੇ ਲੋਕਾਂ ਨੇ ਪਤਾ ਲਗਦਿਆਂ ਹੀ ਦੋਵੇਂ ਜ਼ਖ਼ਮੀ ਔਰਤਾਂ ਨੂੰ ਕਰੀਬ ਤਿੰਨ ਕੁ ਵਜੇ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ 'ਤੇ ਪੁਲਿਸ ਨੂੰ ਸੂਚਨਾ ਦਿੱਤੀ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੋਵੇਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ।
ਥਾਣਾ ਧਨੌਲਾ ਦੇ ਐਸ.ਐਚ.ਓ ਗੁਰਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵਾਰਦਾਤ ਵਾਲੀ ਥਾਂ ਦਾ ਦੌਰਾ ਕਰ ਕੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਜਿਸ ਬਾਬੇ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਉਸ ਦੀ ਤਸਦੀਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੇ ਅਜੇ ਘਰੋਂ ਲੁੱਟੇ ਸਾਮਾਨ 'ਤੇ ਨਕਦੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇ।
ਇਹ ਵੀ ਪੜ੍ਹੋ:- ਪੰਜਾਬ 'ਚ ਵਿਗੜਦੇ ਹਲਾਤਾਂ ਲਈ ਮੁੱਖ ਮੰਤਰੀ ਜਿੰਮੇਵਾਰ: ਹਰਪਾਲ ਚੀਮਾ