ਬਰਨਾਲਾ:ਪੰਜਾਬ ਸਰਕਾਰ ਵਲੋਂ ਹਰ ਖੇਤ ਨੂੰ ਪਾਣੀ ਦੇਣ ਦੀ ਮੁਹਿੰਮ ਤਹਿਤ ਬਣਾਏ ਬਰਨਾਲਾ ਜ਼ਿਲ੍ਹੇ ਦੇ ਪਿੰਡ ਗਾਗੇਵਾਲ ਵਿਖੇ ਕਾਲਸ ਰਜਵਾਹੇ ਵਿਚ ਇਕ ਵਾਰ ਫਿਰ ਪਾੜ ਪੈਣ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਗਿਆ। ਇਸ ਮੌਕੇ ਰੋਸ ਪ੍ਰਗਟ ਕਰਦਿਆਂ ਬੀਕੇਯੂ ਕਾਦੀਆਂ ਦੇ ਆਗੂ ਮਿੱਤਰਪਾਲ ਸਿੰਘ ਆਗੂ ਅਤੇ ਬਲਦੇਵ ਸਿੰਘ ਗਾਗੇਵਾਲ ਨੇ ਕਿਹਾ ਕਿ ਉਕਤ ਰਜਵਾਹੇ ਨੂੰ ਬਣੇ ਸਿਰਫ ਚਾਰ ਮਹੀਂਨੇ ਹੀ ਹੋਏ ਹਨ, ਪਰ ਬੇਤਰਤੀਬੇ ਢੰਗ ਨਾਲ ਬਣਾਏ ਰਜਵਾਹੇ ਦਾ ਟੁੱਟਣਾ ਲਗਾਤਾਰ ਜਾਰੀ ਹੈ।
ਪੁੱਲ ਬਣਾਉਣ ਵਿੱਚ ਵਰਤਿਆ ਘਟੀਆ ਮਟੀਰੀਅਲ:ਉਕਤ ਆਗੂਆਂ ਨੇ ਕਿਹਾ ਕਿ ਸਬੰਧਤ ਵਿਭਾਗ ਅਤੇ ਠੇਕੇੇਦਾਰ ਵਲੋਂ ਉਕਤ ਰਵਜਾਹਾ ਸੜਕ ਨਾਲੋਂ ਸੱਤ ਫੁੱਟ ਉੱਚਾ ਬਣਾ ਦਿੱਤਾ ਹੈ ਅਤੇ ਬਨਾਉਣ ਸਮੇਂ ਘਟੀਆ ਮਟੀਰੀਅਲ ਅਤੇ ਹਰ ਤਰ੍ਹਾਂ ਦੀ ਲਾਪਰਵਾਹੀ ਵਰਤੀ ਗਈ, ਜੋ ਇਸ ਰਜਵਾਹੇ ਦੇ ਟੁੱਟਣ ਦਾ ਕਾਰਨ ਬਣ ਰਹੀ ਹੈ। ਉਨ੍ਹਾਂ ਦੱਸਿਆ ਏਨੇ ਉਚੇ ਬਣਾਏ ਰਜਵਾਹੇ ਕਾਰਨ ਰਾਹਗੀਰਾਂ ਨੂੰ ਤਾਂ ਮੁਸ਼ਕਿਲਾਂ ਆਉਂਦੀਆਂ ਹੀ ਹਨ, ਉਥੇ ਕਿਸਾਨਾਂ ਦੀ ਹਰ ਸਮੇਂ ਫਸਲ ਖ਼ਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ। ਉਕਤ ਆਗੂ ਨੇ ਕਿਹਾ ਕਿ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਕਤ ਰਜਵਾਹੇ ਵਿਚ ਵਰਤੇ ਮਟੀਰੀਅਲ ਦੀ ਜਾਂਚ ਕਰਵਾਈ ਜਾਵੇ। ਇਸ ਮੌਕੇ ਜਗਸੀਰ ਸਿੰਘ ਥਿੰਦ, ਚਰਨਪਾਲ ਸਿੰਘ ਕਿਸਾਨ ਆਗੂ, ਗੁਰਵਿੰਦਰ ਸਿੰਘ, ਨੋਨਾ ਸਿੰਘ ਗਿੱਲ, ਧਰਮਪਾਲ ਸਿੰਘ, ਸੁਖਦੇਵ ਸਿੰਘ ਸਾਬਕਾ ਪੰਚ, ਹਰਦੀਪ ਸਿੰਘ ਆਦਿ ਆਗੂ ਵੀ ਹਾਜ਼ਰ ਸਨ।