ਬਰਨਾਲਾ:ਜ਼ਿਲ੍ਹੇ ਦੇ ਪਿੰਡ ਮੱਲ੍ਹੀਆਂ ਵਿੱਚ ਜੰਮੇ ਕੈਪਟਨ ਕਰਮ ਸਿੰਘ ਮੱਲ੍ਹੀ ਦੇਸ਼ ਦੇ ਪਹਿਲੇ ‘ਪਰਮਵੀਰ ਚੱਕਰ ਜੇਤੂ’ ਸਨ। ਸਾਲ 1948 ਵਿੱਚ ਪਾਕਿਸਤਾਨ ਨਾਲ ‘ਟੈੱਥਵਾਲ ਅਪਰੇਸ਼ਨ’ ਦੌਰਾਨ ਕੈਪਟਨ ਕਰਮ ਸਿੰਘ ਨੇ ਫ਼ੌਜ ਦੀ ਅਗਵਾਈ ਕੀਤੀ। ਇਸ ਲੜਾਈ ਵਿੱਚ ਉਹ ਇਕੱਲੇ ਜਿਉਂਦੇ ਰਹੇ ਅਤੇ ਉਨ੍ਹਾਂ ਦੇ ਸਰੀਰ ਉੱਤੇ 15-16 ਦੇ ਗੋਲੀਆਂ ਵੀ ਲੱਗੀਆਂ ਸਨ। ਉਨ੍ਹਾਂ ਵਲੋਂ ਇਹ ਅਪਰੇਸ਼ਨ ਆਪਣੇ ਦਮ ’ਤੇ ਫ਼ਤਿਹ ਕੀਤਾ ਗਿਆ ਸੀ। ਉਨ੍ਹਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਭਾਰਤ ਦੇ ਪਹਿਲੇ ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ ਵਲੋਂ 26 ਜਨਵਰੀ 1951 ਵਿੱਚ ‘ਪਰਮਵੀਰ ਚੱਕਰ’ ਨਾਲ ਸਨਮਾਨਿਤ ਕੀਤਾ ਗਿਆ ਸੀ। ਕੈਪਟਨ ਕਰਮ ਸਿੰਘ 1969 ਵਿੱਚ ਫ਼ੌਜ ਤੋਂ ਸੇਵਾਮੁਕਤ ਹੋਏ ਅਤੇ 1993 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਪਰਿਵਾਰ ਦਾ ਇਲਜ਼ਾਮ: ਪਰਿਵਾਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਤਾਂ ਭਾਵੇਂ ਵੱਡਾ ਮਾਣ ਬਖਸ਼ਿਆ ਹੈ, ਪਰ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਹਮੇਸ਼ਾ ਅਣਗੌਲਿਆ ਹੀ ਕੀਤਾ ਗਿਆ ਹੈ। ਕੈਪਟਨ ਕਰਮ ਸਿੰਘ ਦੀ ਬਰਸੀ 20 ਜਨਵਰੀ ਨੂੰ ਪਰਿਵਾਰਕ ਤੌਰ ’ਤੇ ਹੀ ਮਨਾਈ ਜਾਂਦੀ ਹੈ। ਜ਼ਿਲ੍ਹੇ ਅੰਦਰ ਨਾ ਤਾਂ ਉਹਨਾਂ ਦਾ ਕੋਈ ਬੁੱਤ ਸਥਾਪਿਤ ਕੀਤਾ ਗਿਆ ਅਤੇ ਨਾ ਹੀ ਕੋਈ ਯਾਦਗਾਰ ਬਣਾਈ ਗਈ। ਸਿਰਫ਼ ਪਿੰਡ ਦੇ ਬੱਸ ਅੱਡੇ ’ਤੇ ਇੱਕ ਪੱਟੀ ਉਨ੍ਹਾਂ ਦੇ ਨਾਮ ਦੀ ਲਗਾ ਕੇ ਬੁੱਤਾ ਸਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਦੇ ਵੀ 15 ਅਗਸਤ ਜਾਂ 26 ਜਨਵਰੀ ਸਮਾਗਮ ਮੌਕੇ ਪਰਿਵਾਰ ਨੂੰ ਬੁਲਾਇਆ ਨਹੀਂ ਜਾਂਦਾ। ਪਰਿਵਾਰ ਨੇ ਕਈ ਵਾਰ ਜ਼ਿਲ੍ਹੇ ਦੇ ਡੀਸੀ ਨੂੰ ਸੂਬਾ ਸਰਕਾਰ ਦੇ ਨਾਮ ਮੰਗ ਪੱਤਰ ਵੀ ਦਿੱਤੇ ਪਰ ਕਦੇ ਮੰਗ ਵੱਲ ਧਿਆਨ ਨਹੀਂ ਦਿੱਤਾ ਗਿਆ।