ਬਰਨਾਲਾ:ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਧਨੇਰ ਵਿਖੇ ਵਿਕਾਸ ਕੰਮ ਠੱਪ ਹੋਣ ਕਰਕੇ ਪਿੰਡ ਵਾਸੀ ਪ੍ਰੇਸ਼ਾਨ ਹਨ। ਲੱਖਾਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਨਾਲ ਕਰਵਾਏ ਗਏ ਵਿਕਾਸ ਕਾਰਜ ਅਣਦੇਖੀ ਕਾਰਨ ਠੱਪ ਹੋ ਚੁੱਕੇ ਹਨ। ਪਿੰਡ ਵਿੱਚ ਨਿਕਾਸੀ ਪਾਣੀ ਦੇ ਹੱਲ ਲਈ ਬਣਾਇਆ ਥਾਪਰ ਮਾਡਲ, ਸਾਫ਼ ਪੀਣ ਵਾਲੇ ਪਾਣੀ ਦਾ ਥਾਪਰ ਮਾਡਲ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਹਨ। ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਪਾਰਕ ਵਿੱਚ ਪਾਥੀਆਂ ਪੱਥੀਆਂ ਜਾ ਰਹੀਆਂ ਹਨ। ਖੇਡ ਸਟੇਡੀਅਮ ਅਤੇ ਸੀਵਰੇਜ ਦਾ ਵੀ ਬੁਰਾ ਹਾਲ ਹੈ। ਕਮਿਊਨਟੀ ਹਾਲ ਅਤੇ ਬਾਥਰੂਮਾਂ ਦਾ ਬੁਰਾ ਹਾਲ ਹੋ ਚੁੱਕਿਆ ਹੈ। ਪਿੰਡ ਦੀ ਪੰਚਾਇਤ ਅਤੇ ਪ੍ਰਸ਼ਾਸਨ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਸਰਕਾਰੀ ਪੈਸੇ ਦੀ ਵੱਡੇ ਪੱਧਰ ਉੱਤੇ ਬਰਬਾਦੀ ਹੋ ਰਹੀ ਹੈ। ਪਿੰਡ ਵਾਸੀਆਂ ਨੇ ਸਹਿਕਾਰੀ ਸਭਾ ਵਿੱਚ ਵੀ ਘਪਲੇਬਾਜ਼ੀ ਦੇ ਇਲਜ਼ਾਮ ਲਗਾਏ ਹਨ। ਪਿੰਡ ਵਾਸੀਆਂ ਅਨੁਸਾਰ ਪੰਚਾਇਤ ਕੋਲ ਪੰਚਾਇਤੀ ਜ਼ਮੀਨ ਸਮੇਤ ਸਰਕਾਰੀ ਗ੍ਰਾਂਟਾਂ ਦਾ ਵੱਡਾ ਫ਼ੰਡ ਆਉਂਦਾ ਹੈ, ਪਰ ਇਸ ਫ਼ੰਡ ਦਾ ਸਹੀ ਵਰਤੋਂ ਹੀ ਨਹੀਂ ਕੀਤੀ ਗਈ। ਉਹਨਾਂ ਸਹਿਕਾਰੀ ਸਭਾ ਸਮੇਤ ਸਾਰੀਆਂ ਗ੍ਰ਼ਾਂਟਾਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ।
ਥਾਪਰ ਮਾਡਲ ਅਤੇ ਸੀਵਰੇਜ:ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਧਨੇਰ ਨੂੰ ਸਰਕਾਰੀ ਵਲੋਂ ਵੱਡੇ ਪੱਧਰ ਉੱਤੇ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ, ਪਰ ਸਰਕਾਰੀ ਪੈਸੇ ਦੀ ਸਹੀ ਵਰਤੋਂ ਨਹੀਂ ਕੀਤੀ ਗਈ। ਪਾਣੀ ਦੀ ਨਿਕਾਸੀ ਲਈ ਥਾਪਰ ਮਾਡਲ ਅਤੇ ਸੀਵਰੇਜ ਪਾਇਆ ਗਿਆ, ਪਰ ਇਹ ਪ੍ਰੋਜੈਕਟ ਧਿਆਨ ਨਾ ਦਿੱਤੇ ਜਾਣ ਕਾਰਨ ਬੰਦ ਹੋ ਚੁੱਕਾ ਹੈ। ਜੇਕਰ ਇਹ ਸਹੀ ਤਰੀਕੇ ਨਾਲ ਚੱਲਦਾ ਹੁੰਦਾ ਤਾਂ ਪਿੰਡ ਵਿੱਚ ਸੀਵਰੇਜ ਜਾਂ ਗੰਦੇ ਪਾਣੀ ਦੀ ਕੋਈ ਸਮੱਸਿਆ ਨਹੀਂ ਹੋਣੀ ਸੀ।
ਪ੍ਰੋਜੈਕਟਾਂ ਦਾ ਹੋਇਆ ਵਿਨਾਸ਼: ਪੰਜ ਕਰੋੜ ਰੁਪਏ ਨਾਲ ਬਣਾਏ ਇਸ ਪ੍ਰੋਜੈਕਟ ਦੀ ਅੱਜ ਦੀ ਘੜੀ ਦੁਰਗਤੀ ਹੋ ਚੁੱਕੀ ਹੈ। ਖੇਡ ਸਟੇਡੀਅਮ ਦੀਆਂ ਕੰਧਾਂ ਢਹਿ ਚੁੱਕੀਆਂ ਹਨ। ਪਿੰਡ ਵਿੱਚ ਬਣਾਏ ਕਮਿਊਨਟੀ ਹਾਲ ਵਿੱਚ ਕੰਧਾਂ ਢਾਹ ਕੇ ਲੋਕਾਂ ਵਲੋਂ ਪਾਥੀਆਂ ਪੱਥੀਆਂ ਜਾ ਰਹੀਆਂ ਹਨ। ਇਸਦੇ ਬਾਥਰੂਮਾਂ ਦਾ ਵੀ ਬੁਰਾ ਹਾਲ ਹੈ। ਲੱਖਾਂ ਰੁਪਏ ਦੀ ਗ੍ਰਾਂਟ ਨਾਲ ਬਣਾਏ ਪਾਰਕ ਦੀ ਕੋਈ ਸਾਰ ਨਹੀਂ ਹੈ। ਪਾਰਕ ਵਿੱਚ ਵੀ ਲੋਕ ਪਾਥੀਆਂ ਪੱਥ ਦੇ ਇਸਨੂੰ ਕੂੜੇ ਦੇ ਢੇਰਾਂ ਵਿੱਚ ਬਦਲ ਦਿੱਤਾ ਗਿਆ ਹੈ। ਬੱਚਿਆਂ ਦੇ ਖੇਡਾਂ ਦੇ ਝੂਲੇ ਟੁੱਟੇ ਪਏ ਹਨ। ਸਾਫ਼ ਪੀਣ ਵਾਲੇ ਪਾਣੀ ਲਈ ਆਰਓ ਸਿਸਟਮ ਲਗਾਇਆ ਹੋਇਆ ਸੀ, ਉਹ ਵੀ ਅਣਦੇਖੀ ਕਰਕੇ ਬੰਦ ਹੋ ਚੁੱਕੇ ਹਨ।