ਬਰਨਾਲਾ:ਬੇਸ਼ੱਕ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦੇ ਮੁੱਦਿਆਂ ਨੂੰ ਲੈ ਕੇ ਸੱਤਾ ਵਿੱਚ ਆਈ ਹੈ। ਪਰ ਸਰਕਾਰ ਬਣਨ ਤੋਂ ਬਾਅਦ ਕਈ ਥਾਈਂ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੀ ਇੱਕ ਉਦਾਹਰਣ ਭਦੌੜ ਦਾ ਬੱਸ ਸਟੈਂਡ ਵੀ ਹੈ। ਪਿਛਲੀ ਚੰਨੀ ਸਰਕਾਰ ਸਮੇਂ ਟਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਨੇ 23 ਦਸੰਬਰ ਨੂੰ ਭਦੌੜ ਦੇ ਬੱਸ ਅੱਡੇ ਨੂੰ ਨਵੀਨੀਕਰਨ ਕਰਨ ਲਈ 2 ਕਰੋੜ 16 ਲੱਖ ਰੁਪਏ ਦਾ ਨੀਂਹ ਪੱਥਰ ਰੱਖਿਆ ਸੀ।
ਛੇ ਮਹੀਨਿਆਂ ਵਿਚ ਪੂਰਾ ਕਰਨ ਦਾ ਸਮਾਂ ਸੀ ਜਿਸ ਵਿੱਚ ਬਾਥਰੂਮ, ਵਧੀਆ ਮੁਸਾਫਰਖਾਨਾ, ਕੰਟੀਨ, ਸਾਫ ਪਾਣੀ ਦਾ ਪ੍ਰਬੰਧ, ਪੁੱਛਗਿੱਛ ਕਾਊਂਟਰ, ਵਧੀਆ ਲਾਈਟ ਸਿਸਟਮ ਸਮੇਤ ਸੀਸੀਟੀਵੀ ਕੈਮਰੇ ਵੀ ਲਗਾਏ ਜਾਣੇ ਸਨ। ਨੀਂਹ ਪੱਥਰ ਰੱਖਣ ਦੇ ਤਕਰੀਬਨ ਇੱਕ ਮਹੀਨਾ ਬਾਅਦ ਇਸ ਬੱਸ ਸਟੈਂਡ ਵਿਚ ਪਹਿਲਾਂ ਤੋਂ ਹੀ ਬਣੇ ਸਟਾਫ ਰੂਮ, ਦੁਕਾਨਾਂ ਅਤੇ ਬਾਥਰੂਮ ਢਾਹ ਕੇ ਸਫ਼ਾਈ ਦਾ ਕੰਮ ਜ਼ੋਰਾਂ ਤੇ ਚੱਲਿਆ।
ਬੱਸ ਸਟੈਂਡ ਦੇ ਨਵੀਨੀਕਰਨ ਲਈ ਭੱਠੇ ਤੋਂ ਇੱਟਾਂ ਵੀ ਪਹੁੰਚ ਗਈਆਂ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਜਲਦ ਇਕ ਵਧੀਆ ਬੱਸ ਸਟੈਂਡ ਮਿਲਣ ਦੀ ਆਸ ਬੱਝੀ ਸੀ ਪਰ ਮਾੜੀ ਕਿਸਮਤ ਉਦੋਂ ਤੱਕ ਚੋਣ ਜ਼ਾਬਤਾ ਲੱਗ ਗਿਆ ਅਤੇ ਬੱਸ ਅੱਡੇ ਦੀ ਉਸਾਰੀ ਅਤੇ ਢੁਆਈ ਦਾ ਕੰਮ ਰੁਕ ਗਿਆ ਜਿਸ ਤੋਂ ਬਾਅਦ ਬੱਸ ਸਟੈਂਡ ਵਿਚ ਆਉਣ ਵਾਲੀਆਂ ਜ਼ਨਾਨਾ ਸਵਾਰੀਆਂ ਨੂੰ ਬਾਥਰੂਮ ਦੀ ਵੱਡੀ ਦਿੱਕਤ ਪੇਸ਼ ਆਉਣ ਲੱਗੀ ਹੈ।
ਬੱਸ ਸਟੈਂਡ ਨੀਵਾਂ ਹੋਣ ਕਾਰਨ ਮੀਂਹ ਵਿੱਚ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ ਜਿਸ ਕਾਰਨ ਬੱਸ ਸਟੈਂਡ ਵਿੱਚ ਕੋਈ ਵੀ ਸਵਾਰੀ ਨਹੀਂ ਵੜਦੀ ਅਤੇ ਹੁਣ ਇਨ੍ਹਾਂ ਦਿਨਾਂ ਵਿੱਚ ਤੇਜ਼ ਧੁੱਪ ਕਾਰਨ ਵੀ ਸਵਾਰੀਆਂ ਲਈ ਕੋਈ ਵੀ ਸ਼ੈੱਡ ਵਗੈਰਾ ਜਾਂ ਛਾਂ ਦਾ ਪ੍ਰਬੰਧ ਨਹੀਂ ਹੈ ਜਿਸ ਕਾਰਨ ਸਵਾਰੀਆਂ ਦਾ ਅੱਡੇ ਅੰਦਰ ਖੜ੍ਹਨਾ-ਬੈਠਣਾ ਮੁਸ਼ਕਲ ਹੋ ਜਾਂਦਾ ਹੈ। ਆਉਣ ਜਾਣ ਵਾਲੀਆਂ ਸਵਾਰੀਆਂ ਲਈ ਪੀਣ ਵਾਲੇ ਪਾਣੀ ਦਾ ਬਿਲਕੁਲ ਵੀ ਪ੍ਰਬੰਧ ਨਹੀਂ ਸਗੋਂ ਇੱਥੋਂ ਦੇ ਦੁਕਾਨਦਾਰ ਪ੍ਰਾਈਵੇਟ ਤੌਰ 'ਤੇ ਸਵਾਰੀਆਂ ਦੇ ਅਤੇ ਕੰਡਕਟਰ-ਡਰਾਈਵਰਾਂ ਲਈ ਪੀਣ ਦੇ ਲਈ ਕੈਂਪਰਾਂ ਦਾ ਪ੍ਰਬੰਧ ਕਰਦੇ ਹਨ।
ਇਸ ਮੌਕੇ ਸਥਾਨਕ ਨਿਵਾਸੀ ਜੀਤ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਭਦੌੜ ਦੇ ਬੱਸ ਅੱਡੇ ਦਾ ਬਹੁਤ ਬੁਰਾ ਹਾਲ ਹੈ ਸਰਕਾਰਾਂ ਨੇ ਇਸ ਨੂੰ ਨਵਾਂ ਤਾਂ ਕੀ ਬਣਾਉਣਾ ਸੀ ਸਗੋਂ ਪਹਿਲਾਂ ਦਾ ਬਣਿਆ ਹੋਇਆ ਵੀ ਢਾਹ ਕੇ ਲੋਕਾਂ ਨੂੰ ਖੱਜਲ ਖੁਆਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਸਿਰਫ਼ ਨੀਂਹ ਪੱਥਰ ਰੱਖਣ ਜੋਗੀਆਂ ਹੀ ਹਨ, ਪਰ ਲੋਕਾਂ ਨੂੰ ਖੱਜਲ ਖੁਆਰ ਕਰਨ ਤੋਂ ਬਿਨਾਂ ਕੁਝ ਵੀ ਨਹੀਂ ਕਰਦੀਆਂ।